ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਬੈਂਸ ਨੂੰ ਹਾਈਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਸੋਮਵਾਰ ਨੂੰ ਪੰਜਾਬ-ਹਰਿਆਣਾ ਹਾਈਕੋਰਟ ਵਲੋਂ ਉਨ੍ਹਾਂ ਦੀ ਇਰਾਦਾ ਕਤਲ ਆਈ. ਪੀ. ਸੀ. ਦੀ ਧਾਰਾ 307 ਦੇ ਮਾਮਲੇ ਵਿਚ ਰੈਗੂਲਰ ਜ਼ਮਾਨਤ ਮਨਜ਼ੂਰ ਕਰ ਲਈ ਹੈ ਜਦਕਿ ਬੈਂਸ ’ਤੇ ਦਰਜ ਬਲਾਤਕਾਰ ਦੇ ਕੇਸ ਵਿਚ ਅਜੇ ਫੈਸਲਾ ਆਉਣਾ ਬਾਕੀ ਹੈ। ਫਿਲਹਾਲ ਸਿਮਰਜੀਤ ਬੈਂਸ ਜੇਲ੍ਹ ਵਿਚ ਬੰਦ ਹਨ।
ਦੱਸਣਯੋਗ ਹੈ ਕਿ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਸਮਰਥਕਾਂ ਦਾ ਵਿਧਾਨ ਸਭਾ ਚੋਣਾਂ 2022 ਵਿਚ ਹਲਕਾ ਆਤਮ ਨਗਰ ਵਿਚ ਕਾਂਗਰਸ ਦੇ ਉਮੀਦਵਾਰ ਕੰਵਲਜੀਤ ਸਿੰਘ ਕੜਵਲ ਨਾਲ ਵਿਵਾਦ ਹੋ ਗਿਆ ਸੀ। ਇਸ ਮਾਮਲੇ ਵਿਚ ਕੜਵਲ ਨੇ ਬੈਂਸ ਅਤੇ ਉਨ੍ਹਾਂ ਦੇ ਸਮਰਥਕਾਂ ’ਤੇ ਗੱਡੀ ਤੋੜਨ, ਫਾਇਰਿੰਗ ਕਰਨ ਸਮੇਤ ਕਈ ਦੋਸ਼ ਲਗਾਏ ਸਨ। ਜਿਸ ’ਤੇ ਥਾਣਾ ਸ਼ਿਮਲਾਪੁਰੀ ਦੀ ਪੁਲਸ ਨੇ ਸਿਮਰਜੀਤ ਬੈਂਸ, ਉਨ੍ਹਾਂ ਦੇ ਭਰਾਵਾਂ ਅਤੇ ਸਮਰਥਕਾਂ ’ਤੇ ਮਾਮਲਾ ਦਰਜ ਕੀਤਾ ਸੀ। ਦੂਜੇ ਪਾਸੇ ਇਕ ਮਹਿਲਾ ਵਲੋਂ ਵੀ ਬੈਂਸ ’ਤੇ ਬਲਾਤਕਾਰ ਦੇ ਦੋਸ਼ ਲਗਾਏ ਗਏ ਹਨ। ਦੋਵਾਂ ਮਾਮਲਿਆਂ ਵਿਚ ਹਾਈਕੋਰਟ ਵਿਚ ਬੈਂਸ ਦੇ ਵਕੀਲ ਵਲੋਂ ਰੈਗੂਲਰ ਜ਼ਮਾਨਤ ਲਗਾਈ ਗਈ ਸੀ। ਜਿਸ ਵਿਚ ਕੁੱਟਮਾਰ ਦੇ ਮਾਮਲੇ ਵਿਚ ਜ਼ਮਾਨਤ ਨੂੰ ਸੋਮਵਾਰ ਅਦਾਲਤ ਨੇ ਮਨਜ਼ੂਰ ਕਰ ਲਿਆ ਹੈ।