ਲੋਕ ਸਭਾ ‘ਚ ਬੇਭਰੋਸਗੀ ਮਤੇ ‘ਤੇ ਚਰਚਾ ਸ਼ੁਰੂ ਹੋ ਗਈ ਹੈ। ਕਾਂਗਰਸ ਦੀ ਤਰਫੋਂ ਸਾਂਸਦ ਗੌਰਵ ਗੋਗੋਈ ਨੇ ਚਰਚਾ ਸ਼ੁਰੂ ਕੀਤੀ। ਉਨ੍ਹਾਂ ਕਿਹਾ ਕਿ ਇਹ ਗਿਣਤੀ ਦਾ ਮਾਮਲਾ ਨਹੀਂ ਹੈ, ਇਹ ਮਨੀਪੁਰ ਲਈ ਇਨਸਾਫ਼ ਦਾ ਮਾਮਲਾ ਹੈ। ਮਨੀਪੁਰ ਅੱਜ ਇਨਸਾਫ਼ ਦੀ ਮੰਗ ਕਰਦਾ ਹੈ। ਉਨ੍ਹਾਂ ਸਵਾਲ ਕੀਤਾ ਕਿ ਪ੍ਰਧਾਨ ਮੰਤਰੀ ਮਨੀਪੁਰ ਕਿਉਂ ਨਹੀਂ ਗਏ? ਮਨੀਪੁਰ ‘ਤੇ ਬੋਲਣ ਲਈ 80 ਦਿਨ ਕਿਉਂ ਲੱਗੇ? ਉਹਨਾਂ ਕਿਹਾ ਕਿ ਕਈ ਥਾਵਾਂ ‘ਤੇ ਮੁੱਖ ਮੰਤਰੀ ਬਦਲੇ ਤਾਂ ਮਨੀਪੁਰ ‘ਚ ਮੁੱਖ ਮੰਤਰੀ ਨੂੰ ਬਰਖਾਸਤ ਕਿਉਂ ਨਹੀਂ ਕੀਤਾ ਗਿਆ ? ਉਹਨਾਂ ਕਿਹਾ ਕਿ ‘ਇੰਡੀਆ’ ਨੇ ਮਨੀਪੁਰ ਦੇ ਨਿਆਂ ਲਈ ਇਹ ਬੇਭਰੋਸਗੀ ਮਤਾ ਲਿਆਂਦਾ ਹੈ। ਸਾਂਸਦ ਗੋਗੋਈ ਨੇ ਜੇਕਰ ਮਨੀਪੁਰ ਸੜ ਰਿਹਾ ਹੈ ਤਾਂ ਭਾਰਤ ਸੜ ਰਿਹਾ ਹੈ। ਇਸ ਲਈ ਅੱਜ ਅਸੀਂ ਮਨੀਪੁਰ ਦੀ ਨਹੀਂ, ਸਗੋਂ ਪੂਰੇ ਭਾਰਤ ਦੀ ਗੱਲ ਕਰ ਰਹੇ ਹਾਂ।
ਜ਼ਿਕਰਯੋਗ ਹੈ ਕਿ ਮਨੀਪੁਰ ‘ਚ ਲਗਾਤਾਰ 2-3 ਮਹੀਨਿਆਂ ਤੋਂ ਚੱਲ ਰਹੀ ਹਿੰਸਾ ਦਾ ਮੁੱਦਾ ਸੰਸਦ ਦੇ ਦੋਵਾਂ ਸਦਨਾਂ ‘ਚ ਚੁੱਕਿਆ ਗਿਆ। ਇਸ ਦੌਰਾਨ ਵਿਰੋਧੀ ਗਠਜੋੜ ‘ਇੰਡੀਆ’ ਮਨੀਪੁਰ ਮੁੱਦੇ ‘ਤੇ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਦੇ ਬਿਆਨ ਦੀ ਮੰਗ ਕਰ ਰਹੇ ਹਨ। ਜਿਸ ਤੋਂ ਬਾਅਦ ਉਹਨਾਂ ਵਲੋਂ ਬੇਭਰੋਸਗੀ ਮਤਾ ਲਿਆਂਦਾ ਗਿਆ। ਦੱਸ ਦੇਈਏ ਕਿ ਬੇਭਰੋਸਗੀ ਮਤੇ ‘ਤੇ ਪੀਐਮ ਮੋਦੀ 10 ਤਰੀਕ ਨੂੰ ਚਰਚਾ ਦਾ ਜਵਾਬ ਦੇਣਗੇ। ਇਹ ਵੀ ਜ਼ਿਕਰਯੋਗ ਹੈ ਕਿ ਮੋਦੀ ਸਰਕਾਰ ਖਿਲਾਫ ਇਹ ਪਹਿਲਾ ਬੇਭਰੋਸਗੀ ਮਤਾ ਹੈ।