ਦੁਨੀਆਂ ਨੂੰ ਅਲਵਿਦਾ ਕਹਿਣ ਦੇ ਬਾਵਜੂਦ ਲੱਖਾਂ-ਕਰੋੜਾਂ ਲੋਕਾਂ ਦੇ ਦਿਲਾਂ ‘ਤੇ ਰਾਜ ਕਰਨ ਵਾਲੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਦਾ ਅੱਜ ਜਨਮਦਿਨ ਹੈ। ਇਸ ਦੌਰਾਨ ਉਹ ਆਪਣੇ ਜਨਮਦਿਨ ‘ਤੇ ਉਦਾਸ ਵਿਖਾਈ ਦਿੱਤੇ ਕਿਉਂਕਿ ਹੁਣ ਉਹਨਾਂ ਕੋਲ ਉਹਨਾਂ ਦਾ ਪੁੱਤ ਸ਼ੁੱਭਦੀਪ ਨਹੀਂ ਹੈ। ਜਨਮ ਦਿਨ ਮੌਕੇ ਮਾਤਾ ਚਰਨ ਕੌਰ ਨੇ ਸੋਸ਼ਲ ਮੀਡੀਆ ‘ਤੇ ਇਕ ਭਾਵੁਕ ਪੋਸਟ ਸਾਂਝੀ ਕੀਤੀ ਜੋ ਤੁਹਾਡੀਆਂ ਵੀ ਅੱਖਾਂ ਭਰ ਦੇਵੇਗੀ।
ਮਾਤਾ ਚਰਨ ਕੌਰ ਨੇ ਲਿਖਿਆ,”ਮੈਂ ਪਹਿਲਾਂ ਬੇਟੀ ਬਣ ਤੁਹਾਡੇ ਨਾਨਕੇ ਘਰ ਜਨਮ ਲਿਆ, ਫਿਰ ਤੁਹਾਡੇ ਬਾਪੂ ਜੀ ਨਾਲ ਵਿਆਹ ਦੇ ਬੰਧਨ ’ਚ ਬੱਝ ਮੈਂ ਕਿੰਨੇ ਰਿਸ਼ਤੇ ਕਿਸੇ ਦੀ ਚਾਚੀ, ਤਾਈ, ਭਾਬੀ ਤੇ ਨੂੰਹ ਬਣ ਆਪਣੀ ਝੋਲੀ ਪਾਏ ਪਰ ਮੇਰੀ ਹੋਂਦ ਦਾ ਅਸਲ ਆਧਾਰ ਮੈਂ ਤੁਹਾਡੀ ਮਾਂ ਬਣ ਪਾਇਆ ਤੇ ਤੁਸੀਂ ਮੈਨੂੰ ਅਸਲ ’ਚ ਇਕ ਸੰਪੂਰਨ ਔਰਤ ਦਾ ਦਰਜਾ ਦਿਵਾਇਆ। ਉਹਨਾਂ ਅੱਗੇ ਕਿਹਾ ਮੈਨੂੰ ਮਮਤਾ ਦਾ ਪਿਆਰ ਦਾ ਅਸਲ ਅਰਥ ਤੁਹਾਨੂੰ ਆਪਣੀ ਬੁੱਕਲ ’ਚ ਲੈ ਕੇ ਮਹਿਸੂਸ ਹੋਇਆ ਸੀ ਪਰ ਕੱਲ ਦਾ ਉਹੀ ਪਿਆਰ ਉਹੀ ਮਮਤਾ ਦਾ ਨਿੱਘ ਮੈਨੂੰ ਆਉਂਦੇ ਜਾਂਦੇ ਸਾਹ ਨਾਲ ਕਿੰਨੀਆਂ ਧਾਹਾਂ ਨਾਲ ਲੈ ਕੇ ਆ ਰਿਹਾ, ਅੱਜ ਵੀ ਮੈਂ ਤੁਹਾਨੂੰ ਕਮਰੇ ’ਚ ਬੈਠੀ ਉਡੀਕ ਰਹੀ ਸੀ ਕਿਉਂਕਿ ਹਮੇਸ਼ਾ ਮੈਂ ਪਹਿਲਾਂ ਤੁਹਾਡੇ ਤੋਂ ਆਪਣੇ ਜਨਮਦਿਨ ਦੀ ਵਧਾਈ ਕਬੂਲਦੀ ਸੀ ਪਰ ਅੱਜ ਤੁਹਾਡੀ ਤਸਵੀਰ ਨੂੰ ਆਪਣੀ ਬੁੱਕਲ ’ਚ ਲੈ ਕੇ ਤੁਹਾਨੂੰ ਮਹਿਸੂਸ ਕਰ ਰਹੀ ਹਾਂ ਮੇਰੇ ਬੱਚੇ, ਵਾਪਸ ਆ ਜਾਓ ਪੁੱਤ ਮੇਰੇ ਤੋਂ ਤੁਹਾਡੇ ਬਿਨਾਂ ਰਿਹਾ ਨਹੀਂ ਜਾ ਰਿਹਾ।’’
ਇਸ ਤੋਂ ਇਲਾਵਾ ਉਹਨਾਂ ਕੈਪਸ਼ਨ ਵਿਚ ਲਿਖਿਆ, “ਸ਼ੁੱਭ ਪਿਛਲੇ ਜਨਮ ਦਿਨ ‘ਤੇ ਤੁਸੀਂ ਬੰਬੇ ਸੀ ਅਤੇ ਰਾਤੀ ਬਾਰਾਂ ਵਜੇ ਵਿਸ਼ ਕੀਤਾ ਸੀ ਪਰ ਇਸ ਵਾਰ ਮੈ ਉਡੀਕਦੀ ਰਹੀ ਤੁਸੀ ਮੈਨੂੰ ਵਿਸ਼ ਹੀ ਨੀ ਕੀਤਾ ਕੀ ਤੁਸੀ ਮੈਥੋਂ ਐਨੀ ਦੂਰ ਚਲੇ ਗਏ ਕਿ ਤੁਸੀ ਮੈਨੂੰ ਕਦੇ ਵੀ ਵਿਸ਼ ਨਹੀ ਕਰੋਂਗੇ। ਨਹੀ ਪੁੱਤ ਐਦਾਂ ਨਾ ਕਰੋ ਸਾਡਾ ਨੀ ਸਰਦਾ ਤੁਹਾਡੇ ਬਿਨਾਂ ਵਾਪਿਸ ਆਜੋ ਸ਼ੁਭ ਰੱਬ ਦਾ ਵਾਸਤਾ।
ਦਸ ਦਈਏ ਕਿ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਸਿੱਧੂ ਮੂਸੇਵਾਲਾ ਦਾ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਲਗਾਤਾਰ ਮੂਸੇਵਾਲਾ ਦੇ ਮਾਤਾ-ਪਿਤਾ ਇਨਸਾਫ਼ ਦੀ ਗੁਹਾਰ ਲਗਾ ਰਹੇ ਹਨ।