ਪੰਜਾਬ ਪੁਲਿਸ ਨੇ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਇਕ ਹੋਰ ਸਾਥੀ ਗੁਰਿੰਦਰਪਾਲ ਸਿੰਘ ਔਜਲਾ ਨੂੰ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਸੂਤਰਾਂ ਤੋਂ ਮਿਲ ਜਾਣਕਾਰੀ ਮੁਤਾਬਕ ‘ਵਾਰਿਸ ਪੰਜਾਬ ਦੇ’ ਗੁਰਿੰਦਰਪਾਲ ਔਜਲਾ ਨੂੰ ਪੁਲਿਸ ਜਲੰਧਰ ਵੱਲੋਂ ਦਰਜ ਕੀਤੇ ਗਏ ਪੁਰਾਣੇ ਕੇਸ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਇਸ ਕੇਸ ਵਿੱਚ ਗੁਰਿੰਦਰਪਾਲ ਸਿੰਘ ਔਜਲਾ ‘ਤੇ ਸੋਸ਼ਲ ਮੀਡੀਆ ’ਤੇ ਹਥਿਆਰ ਦਿਖਾਉਣ ਦੇ ਇਲਜ਼ਾਮ ਲੱਗੇ ਸਨ। ਜਲੰਧਰ ਪੁਲਿਸ ਦਾ ਕਹਿਣਾ ਹੈ ਕਿ ਗੁਰਿੰਦਰਪਾਲ ਔਜਲਾ ਫਰਵਰੀ ਵਿੱਚ ਦਰਜ ਕੇਸ ਵਿੱਚ ਲੋੜੀਂਦਾ ਸੀ। ਉਹ ਗ੍ਰਿਫਤਾਰੀ ਤੋਂ ਬਚ ਰਿਹਾ ਸੀ। ਇਸ ਲਈ ਉਸ ਦੇ ਖ਼ਿਲਾਫ਼ ਲੁੱਕਆਊਟ ਸਰਕੁਲਰ ਵੀ ਜਾਰੀ ਕੀਤਾ ਗਿਆ ਸੀ।
ਇਥੇ ਇਹ ਵੀ ਦਸਣਾ ਬਣਦਾ ਹੈ ਕਿ ਗੁਰਿੰਦਰਪਾਲ ਸਿੰਘ ਔਜਲਾ ਯੂਕੇ ਆਧਾਰਿਤ ਪਰਵਾਸੀ ਭਾਰਤੀ ਹੈ। ਉਸਨੂੰ ਇੰਗਲੈਂਡ ਜਾਣ ਸਮੇਂ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ ਸੀ। ਪੁਲਿਸ ਨੇ ਉਸ ਦਾ ਮੋਬਾਈਲ ਜ਼ਬਤ ਕਰ ਲਿਆ ਹੈ। ਹੁਣ ਵੇਖਣਾ ਹੋਵੇਗਾ ਕੀ ਆਪਣੇ ਇਕ ਹੋਰ ਸਾਥੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਵਲੋਂ ਕੋਈ ਸਖ਼ਤ ਕਦਮ ਚੁੱਕਿਆ ਜਾਂਦਾ ਹੈ ਜਾਂ ਨਹੀਂ। ਕਿਉਂਕਿ ਜਦੋਂ ਅਜਨਾਲਾ ਪੁਲਿਸ ਵਲੋਂ ਅੰਮ੍ਰਿਤਪਾਲ ਸਿੰਘ ਦੇ ਸਾਥੀ ਲਵਪ੍ਰੀਤ ਸਿੰਘ ਤੂਫਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਤਾਂ ਉਹਨਾਂ ਵਲੋਂ ਅਜਨਾਲਾ ਥਾਣੇ ਬਾਹਰ ਪ੍ਰਦਰਸ਼ਨ ਕੀਤਾ ਗਿਆ ਅਤੇ ਇਸ ਦੌਰਾਨ ਪੁਲਿਸ ਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਖੂਨੀ ਝੜਪ ਵੀ ਹੁੰਦੀ ਹੋਈ ਵਿਖਾਈ ਦਿੱਤੀ ਸੀ। ਹੋਰ ਤਾਂ ਹੋਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਵੀ ਥਾਣੇ ਅੰਦਰ ਲੈਕੇ ਜਾਣ ਦੇ ਪ੍ਰਦਰਸ਼ਨਕਾਰੀਆਂ ‘ਤੇ ਇਲਜ਼ਾਮ ਲੱਗੇ ਸਨ। ਜਿਸ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਅਤੇ ਉਹਨਾਂ ਦੀ ਜਥੇਬੰਦੀ ‘ਵਾਰਿਸ ਪੰਜਾਬ ਦੇ’ ਕਈ ਸਿਆਸੀ ਅਤੇ ਧਾਰਮਿਕ ਆਗੂਆਂ ਦੇ ਨਿਸ਼ਾਨੇ ‘ਤੇ ਆ ਗਈ ਸੀ।