ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਨ੍ਹਾਂ ਦੀ ਪਤਨੀ ਸੋਫੀ ਟਰੂਡੋ ਦਾ ਤਲਾਕ ਹੋ ਰਿਹਾ ਹੈ। ਵਿਆਹ ਦੇ 18 ਸਾਲ ਬਾਅਦ ਦੋਵਾਂ ਨੇ ਵੱਖ ਹੋਣ ਦਾ ਫੈਸਲਾ ਕੀਤਾ ਹੈ। ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ ‘ਤੇ ਇਸ ਦਾ ਐਲਾਨ ਕੀਤਾ। ਇਸ ਤੋਂ ਬਾਅਦ ਪੀਐਮ ਦਫ਼ਤਰ ਨੇ ਵੀ ਇਹ ਕਿਹਾ ਕਿ ਦੋਵਾਂ ਨੇ ਲੀਗਲ ਸੈਪਰੇਸ਼ਨ ਐਗਰੀਮੈਂਟ ‘ਤੇ ਦਸਤਖਤ ਕਰ ਦਿੱਤੇ ਹਨ। ਜਸਟਿਨ ਅਤੇ ਉਸਦੀ ਪਤਨੀ ਸੋਫੀ ਦੇ 15, 14 ਅਤੇ 9 ਸਾਲ ਦੇ ਤਿੰਨ ਬੱਚੇ ਹਨ। ਕੈਨੇਡਾ ਵਿੱਚ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਦੇ ਹੋਏ ਟਰੂਡੋ ਆਪਣੀ ਪਤਨੀ ਤੋਂ ਵੱਖ ਹੋਣ ਵਾਲੇ ਦੂਜੇ ਪ੍ਰਧਾਨ ਮੰਤਰੀ ਹਨ। ਉਸ ਤੋਂ ਪਹਿਲਾਂ, ਉਹਨਾਂ ਦੇ ਪਿਤਾ ਅਤੇ ਸਾਬਕਾ ਪ੍ਰਧਾਨ ਮੰਤਰੀ ਪੀਅਰੇ ਟਰੂਡੋ 1979 ਵਿੱਚ ਆਪਣੀ ਪਤਨੀ ਮਾਰਗਰੇਟ ਤੋਂ ਵੱਖ ਹੋ ਗਏ ਸਨ ਅਤੇ ਦੋਵਾਂ ਦਾ 1984 ਵਿੱਚ ਤਲਾਕ ਹੋ ਗਿਆ ਸੀ। ਜਸਟਿਨ ਅਤੇ ਸੋਫੀ ਦਾ ਵਿਆਹ ਮਈ 2005 ਵਿੱਚ ਹੋਇਆ ਸੀ। ਜਸਟਿਨ ਟਰੂਡੋ ਕਈ ਵਾਰ ਜਨਤਕ ਤੌਰ ‘ਤੇ ਪਰਿਵਾਰ ਦੀ ਮਹੱਤਤਾ ਬਾਰੇ ਬੋਲ ਚੁੱਕੇ ਹਨ।
ਸਾਲ 2020 ਵਿੱਚ ਉਨ੍ਹਾਂ ਦੇ ਵਿਆਹ ਦੀ ਵਰ੍ਹੇਗੰਢ ‘ਤੇ, ਪੀਐਮ ਟਰੂਡੋ ਨੇ ਕਿਹਾ ਸੀ ਕਿ ਉਨ੍ਹਾਂ ਦੀ ਪਤਨੀ ਉਨ੍ਹਾਂ ਦੀ ਸਭ ਤੋਂ ਵੱਡੀ ਸਪੋਰਟ ਸਿਸਟਮ, ਸਭ ਤੋਂ ਵਧੀਆ ਦੋਸਤ ਅਤੇ ਇੱਕ ਵਧੀਆ ਸਾਥੀ ਹੈ। ਬੁੱਧਵਾਰ ਨੂੰ ਤਲਾਕ ਦੀ ਘੋਸ਼ਣਾ ਕਰਦੇ ਹੋਏ ਜਸਟਿਨ ਨੇ ਕਿਹਾ – ਅਸੀਂ ਇਹ ਫੈਸਲਾ ਬਹੁਤ ਮੁਸ਼ਕਲ ਅਤੇ ਮਹੱਤਵਪੂਰਨ ਚਰਚਾ ਤੋਂ ਬਾਅਦ ਲਿਆ ਹੈ। ਟਰੂਡੋ ਦੇ ਦਫਤਰ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਵੱਖ ਹੋਣ ਤੋਂ ਬਾਅਦ ਦੋਵਾਂ ਦਾ ਧਿਆਨ ਬੱਚਿਆਂ ਦੇ ਪਾਲਣ-ਪੋਸ਼ਣ ‘ਤੇ ਹੋਵੇਗਾ। ਰਿਪੋਰਟਾਂ ਮੁਤਾਬਕ ਤਲਾਕ ਤੋਂ ਬਾਅਦ ਦੋਹਾਂ ਕੋਲ ਬੱਚਿਆਂ ਦੀ ਸਾਂਝੀ ਕਸਟਡੀ ਹੋਵੇਗੀ। ਸੋਫੀ ਅਧਿਕਾਰਤ ਤੌਰ ‘ਤੇ ਓਟਾਵਾ ਵਿੱਚ ਰਹਿਣ ਲਈ ਚਲੀ ਜਾਵੇਗੀ। ਹਾਲਾਂਕਿ ਬੱਚਿਆਂ ਦੀ ਦੇਖਭਾਲ ਦੇ ਚੱਲਦਿਆਂ ਉਨ੍ਹਾਂ ਦਾ ਜ਼ਿਆਦਾਤਰ ਸਮਾਂ ਪ੍ਰਧਾਨ ਮੰਤਰੀ ਨਿਵਾਸ ‘ਤੇ ਹੀ ਗੁਜ਼ਰੇਗਾ।
ਦਸ ਦਈਏ ਕਿ ਜਸਟਿਨ ਪੀਅਰੇ ਜੇਮਸ ਟਰੂਡੋ ਇੱਕ ਕੈਨੇਡੀਅਨ ਸਿਆਸਤਦਾਨ ਅਤੇ ਸਾਬਕਾ ਅਧਿਆਪਕ ਹੈ ਜੋ ਨਵੰਬਰ 2015 ਵਿੱਚ ਕੈਨੇਡਾ ਦਾ 23ਵੇਂ ਪ੍ਰਧਾਨ ਮੰਤਰੀ ਬਣੇ। ਉਹ ਅਪ੍ਰੈਲ 2013 ਤੋਂ ਲਿਬਰਲ ਪਾਰਟੀ ਦੇ ਨੇਤਾ ਹਨ। ਟਰੂਡੋ ਕੈਨੇਡੀਅਨ ਇਤਿਹਾਸ ਵਿੱਚ ਜੋਅ ਕਲਾਰਕ ਤੋਂ ਬਾਅਦ ਦੂਜੇ ਸਭ ਤੋਂ ਨੌਜਵਾਨ ਪ੍ਰਧਾਨ ਮੰਤਰੀ ਹਨ। ਉਨ੍ਹਾਂ ਦੇ ਪਿਤਾ ਪੀਅਰੇ ਟਰੂਡੋ ਵੀ ਕੈਨੇਡਾ ਦੇ ਪ੍ਰਧਾਨ ਮੰਤਰੀ ਰਹਿ ਚੁੱਕੇ ਹਨ । ਪੀਅਰੇ ਅਤੇ ਜਸਟਿਨ ਕੈਨੇਡਾ ਦੇ ਪ੍ਰਧਾਨ ਮੰਤਰੀ ਬਣਨ ਵਾਲੇ ਪਹਿਲੇ ਪਿਤਾ-ਪੁੱਤਰ ਹਨ।
ਜ਼ਿਕਰਯੋਗ ਹੈ ਕਿ ਜਸਟਿਨ ਟਰੂਡੋ 2018 ਵਿੱਚ ਇੱਕ ਹਫ਼ਤੇ ਦੇ ਦੌਰੇ ਉੱਤੇ ਭਾਰਤ ਆਏ ਸਨ। ਇਸ ਦੌਰਾਨ ਉਹ ਆਪਣੇ ਪਰਿਵਾਰ ਨਾਲ ਤਾਜ ਮਹਿਲ ਦੇਖਣ ਵੀ ਗਏ। ਜਸਟਿਨ ਟਰੂਡੋ ਨੇ ਇੱਥੇ ਵਿਜ਼ਟਰ ਬੁੱਕ ‘ਚ ਲਿਖਿਆ ਸੀ- ਤਾਜ ਮਹਿਲ ਦੁਨੀਆ ਦੀ ਸਭ ਤੋਂ ਖੂਬਸੂਰਤ ਜਗ੍ਹਾ ਹੈ। ਇਹ ਮੇਰੀ ਸ਼ਾਨਦਾਰ ਫੇਰੀ ਹੈ, ਇਸ ਲਈ ਸਾਰਿਆਂ ਦਾ ਧੰਨਵਾਦ। ਉਨ੍ਹਾਂ ਅੰਮ੍ਰਿਤਸਰ ਸਥਿਤ ਹਰਿਮੰਦਰ ਸਾਹਿਬ ਦੇ ਦਰਸ਼ਨ ਵੀ ਕੀਤੇ। ਟਰੂਡੋ ਪਰਿਵਾਰ ਨੂੰ ਗਾਂਧੀਨਗਰ ਦੇ ਸਵਾਮੀਨਾਰਾਇਣ ਅਕਸ਼ਰਧਾਮ ਮੰਦਰ ਦੀ ਯਾਤਰਾ ਦੌਰਾਨ ਰਵਾਇਤੀ ਭਾਰਤੀ ਪਹਿਰਾਵੇ ਵਿੱਚ ਦੇਖਿਆ ਗਿਆ ਸੀ।