ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਅਤੇ ਮੋਹਾਲੀ ਹਲਕੇ ਦੇ ਸਾਬਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਦੀਆਂ ਮੁਸ਼ਕਿਲਾਂ ਵੱਧਦੀਆਂ ਨਜ਼ਰ ਆ ਰਹੀਆਂ ਹਨ। ਤੁਹਾਨੂੰ ਦਸ ਦਈਏ ਕਿ ਕਾਂਗਰਸ ਸਰਕਾਰ ਵਿੱਚ ਸਿਹਤ ਮੰਤਰੀ ਰਹੇ ਬਲਬੀਰ ਸਿੰਘ ਸਿੱਧੂ ਹੁਣ ਵਿਜੀਲੈਂਸ ਦੇ ਨਿਸ਼ਾਨੇ ‘ਤੇ ਹਨ। ਇਸ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਣੇ ਕਈ ਲੀਡਰਾਂ ਤੋਂ ਵਿਜੀਲੈਂਸ ਪੁੱਛਗਿੱਛ ਕਰ ਰਹੀ ਹੈ। ਹੁਣ ਵਿਜੀਲੈਂਸ ਨੇ ਬਲਬੀਰ ਸਿੰਘ ਸਿੱਧੂ ਤੇ ਉਨ੍ਹਾਂ ਦੇ ਛੋਟੇ ਭਰਾ ਤੇ ਸਾਬਕਾ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਖ਼ਿਲਾਫ਼ ਕਾਨੂੰਨੀ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਬਲਬੀਰ ਸਿੰਘ ਸਿੱਧੂ ਖ਼ਿਲਾਫ਼ ਪੰਜਾਬ ਵਿਜੀਲੈਂਸ ਵਿਭਾਗ ਵਲੋਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਜਾਂਚ ਆਰੰਭ ਕੀਤੇ ਜਾਣ ਦੀਆਂ ਖ਼ਬਰਾਂ ਨਾਲ ਸਿੱਧੂ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਸਰਕਾਰ ਵਲੋਂ ਇਸ ਤੋਂ ਪਹਿਲਾਂ ਬੀਤੀ 30 ਦਸੰਬਰ ਨੂੰ ਸਿੱਧੂ ਦੇ ਛੋਟੇ ਭਰਾ ਅਤੇ ਮੋਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਕੌਂਸਲਰ ਵਜੋਂ ਮੈਂਬਰਸ਼ਿਪ ਖਾਰਿਜ ਕਰ ਦਿੱਤੀ ਗਈ ਸੀ, ਜਿਸ ਕਾਰਨ ਉਹ ਮੇਅਰ ਦੇ ਅਹੁਦੇ ਤੋਂ ਫਾਰਗ ਹੋ ਗਏ ਹਨ ਅਤੇ ਹੁਣ ਵਿਜੀਲੈਂਸ ਵਲੋਂ ਸਿੱਧੂ ਦੇ ਮੰਤਰੀ ਹੁੰਦਿਆਂ ਵੱਖ-ਵੱਖ ਥਾਵਾਂ ’ਤੇ ਖ਼ਰੀਦੀਆਂ ਗਈਆਂ ਕੀਮਤੀ ਜ਼ਮੀਨਾਂ ਦੀ ਜਾਂਚ ਆਰੰਭ ਕਰ ਦਿੱਤੀ ਗਈ ਹੈ।
ਇਸ ਸਬੰਧੀ ਹਾਲਾਂਕਿ ਵਿਜੀਲੈਂਸ ਜਾਂਚ ਦੇ ਪੂਰੇ ਵੇਰਵੇ ਹਾਸਲ ਨਹੀਂ ਹੋਏ ਹਨ ਪਰ ਕਿਹਾ ਜਾ ਰਿਹਾ ਹੈ ਕਿ ਵਿਜੀਲੈਂਸ ਵਲੋਂ ਬਲਬੀਰ ਸਿੰਘ ਸਿੱਧੂ ਦੇ ਮੰਤਰੀ ਹੁੰਦਿਆਂ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਮ ’ਤੇ ਮੋਹਾਲੀ ਅਤੇ ਰੋਪੜ ਜ਼ਿਲ੍ਹੇ ਵਿਚ ਖ਼ਰੀਦੀਆਂ ਗਈਆਂ ਜ਼ਮੀਨਾਂ ਅਤੇ ਸਿੱਧੂ ਦੇ ਪਰਿਵਾਰਕ ਮੈਂਬਰਾਂ ਦੇ ਨਾਮ ’ਤੇ ਖ਼ਰੀਦੀਆਂ ਲਗਜਰੀ ਕਾਰਾਂ ਦੀ ਜਾਂਚ ਆਰੰਭ ਕੀਤੀ ਗਈ ਹੈ। ਇਸ ਦੇ ਨਾਲ ਹੀ ਬਲਬੀਰ ਸਿੰਘ ਸਿੱਧੂ ਦੇ ਛੋਟੇ ਭਰਾ ਅਤੇ ਮੋਹਾਲੀ ਦੇ ਸਾਬਕਾ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਰੀਅਲ ਅਸਟੇਟ ਕੰਪਨੀ ਲੈਂਡ ਚੈਸਟਰ ਵਲੋਂ ਖ਼ਰੀਦੀ ਗਈ 70 ਏਕੜ ਜ਼ਮੀਨ ਦੀ ਵੀ ਜਾਂਚ ਕੀਤੀ ਜਾਣੀ ਹੈ। ਹਾਲਾਂਕਿ ਵਿਜੀਲੈਂਸ ਵਿਭਾਗ ਵਲੋਂ ਸਿੱਧੂ ਦੀ ਜਾਂਚ ਆਰੰਭ ਕੀਤੇ ਜਾਣ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ।
ਉਧਰ, ਸਾਬਕਾ ਸਿਹਤ ਮੰਤਰੀ ਤੇ ਭਾਜਪਾ ਆਗੂ ਬਲਬੀਰ ਸਿੰਘ ਸਿੱਧੂ ਨੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਤੇ ਮਨਘੜਤ ਦੱਸਦਿਆਂ ਕਿਹਾ ਕਿ ਇਹ ਸਾਰਾ ਕੁਝ ਸਿਆਸੀ ਬਦਲਾਖ਼ੋਰੀ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਦੇ ਹੁਕਮਰਾਨ ਉਨ੍ਹਾਂ ਦੇ ਪਰਿਵਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਸਿੱਧੂ ਨੇ ਕਿਹਾ ਕਿ ਪਹਿਲਾਂ ਉਨ੍ਹਾਂ ਦੇ ਛੋਟੇ ਭਰਾ ਦੀ ਕੌਂਸਲਰ ਵਜੋਂ ਮੈਂਬਰਸ਼ਿਪ ਰੱਦ ਕਰ ਕੇ ਮੇਅਰ ਦੇ ਅਹੁਦੇ ਤੋਂ ਹਟਾਇਆ ਗਿਆ ਅਤੇ ਹੁਣ ਉਨ੍ਹਾਂ ਖ਼ਿਲਾਫ਼ ਜਾਂਚ ਖੋਲ੍ਹਣ ਬਾਰੇ ਪਤਾ ਲੱਗਾ ਹੈ। ਸਿੱਧੂ ਨੇ ਦੱਸਿਆ ਕਿ ਉਨ੍ਹਾਂ ਨੂੰ ਹਾਲੇ ਤੱਕ ਵਿਜੀਲੈਂਸ ਜਾਂਚ ਸਬੰਧੀ ਕੋਈ ਪੱਤਰ ਨਹੀਂ ਮਿਲਿਆ ਹੈ ਤੇ ਨਾ ਹੀ ਸੰਮਨ ਆਦਿ ਤਾਮੀਲ ਹੋਏ ਹਨ। ਉਨ੍ਹਾਂ ਕਿਹਾ ਕਿ ਜਦੋਂ ਵੀ ਵਿਜੀਲੈਂਸ ਜਾਂਚ ਲਈ ਸੱਦੇਗੀ, ਉਹ ਤੱਥਾਂ ਦੇ ਆਧਾਰ ’ਤੇ ਆਪਣਾ ਪੱਖ ਰੱਖਣਗੇ। ਉਹ ਆਪਣੀ ਆਮਦਨ ਤੇ ਜਾਇਦਾਦ ਬਾਰੇ ਸਾਰੇ ਸਬੂਤ ਦੇਣ ਲਈ ਤਿਆਰ ਹਨ।