ਖ਼ਰਾਬ ਮੌਸਮ ਕਾਰਨ ਪਈ ਭਾਰੀ ਬਾਰਿਸ਼ ਅਤੇ ਗੜ੍ਹੇਮਾਰੀ ਕਰਨ ਪੰਜਾਬ ਦੇ ਕਿਸਾਨਾਂ ਦੇ ਹੋਏ ਨੁਕਸਾਨ ਨੂੰ ਲੈਕੇ ਕਿਸਾਨ ਲੀਡਰ ਬਲਬੀਰ ਸਿੰਘ ਰਾਜੇਵਾਲ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਜਿਥੇ ਮੀਡੀਆ ਨੂੰ ਸੰਬੋਧਨ ਕਰਦਿਆਂ ਨੁਕਸਾਨੀਆਂ ਗਈਆਂ ਫਸਲਾਂ ਲਈ ਘੱਟੋ-ਘੱਟ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਣ ਦੀ ਮੰਗ ਰੱਖੀ ਉਥੇ ਹੀ ਉਹਨਾਂ ਨੇ 2022 ਵਿਚ ਲੜੀਆਂ ਗਈਆਂ ਵਿਧਾਨ ਸਭਾ ਚੋਣਾਂ ਨੂੰ ਲੈਕੇ ਅਹਿਮ ਖ਼ੁਲਾਸਾ ਕੀਤਾ ਹੈ। ਉਨ੍ਹਾਂ ਕਿਹਾ ਕਿ ਐਸ.ਐਸ.ਐਮ ਦਾ ਕਿਹੜਾ ਆਗੂ ਹੈ ਜੋ ਸਿਆਸਤ ਵਿੱਚ ਨਹੀਂ ਆਇਆ। ਉਨ੍ਹਾਂ ਕਿਹਾ ਕਿ ਮੈਂ ਸੰਯੁਕਤ ਸਮਾਜ ਮੋਰਚਾ ਨਹੀਂ ਬਣਾਇਆ। ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਇਥੇ ਹੀ ਉਹ ਬੇਈਮਾਨ ਹਨ ਕਿਉਂਕਿ ਮੈਂ ਚੋਣ ਲੜਨ ਤੋਂ ਜਵਾਬ ਦੇ ਦਿੱਤਾ ਸੀ। ਮੇਰੇ ਤੋਂ ਧੱਕੇ ਨਾਲ ਚੋਣ ਲੜਵਾਈ ਗਈ। ਉਨ੍ਹਾਂ ਕਿਹਾ ਕਿ ਉਸ ਵਕਤ ਸਾਰੇ ਇਕੱਠੇ ਹੋ ਗਏ ਸਨ ਅਤੇ ਮੈਨੂੰ ਕਿਹਾ ਕਿ ਤੁਹਾਨੂੰ ਚੋਣ ਲੜਨੀ ਪਵੇਗੀ, ਤੁਸੀਂ ਸਾਨੂੰ ਜਵਾਬ ਨਹੀਂ ਦੇ ਸਕਦੇ।
ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਜਿਸ ਦਿਨ ਸੰਯੁਕਤ ਸਮਾਜ ਮੋਰਚਾ ਬਣਾਇਆ ਮੈਨੂੰ ਇਸ ਬਾਰੇ ਕੁਝ ਵੀ ਪਤਾ ਨਹੀਂ ਸੀ। ਪ੍ਰੈਸ ਮਿਲਣੀ ਦੌਰਾਨ ਅਚਾਨਕ ਮੇਰੇ ਪਿੱਛੇ ਲਿਆ ਕੇ ਇੱਕ ਬੋਰਡ ਖੜ੍ਹਾ ਕਰ ਦਿੱਤਾ। ਉਨ੍ਹਾਂ ਕਿਹਾ ਕਿ ਸੰਯੁਕਤ ਸਮਾਜ ਮੋਰਚਾ ਬਣਾਉਣ ਬਾਰੇ ਮੇਰੇ ਤੋਂ ਪੁੱਛਿਆ ਵੀ ਨਹੀਂ ਗਿਆ। ਉਸ ਪ੍ਰੈਸ ਵਾਰਤਾ ਦੌਰਾਨ ਮੈਂ ਇੱਕ ਵੀ ਸ਼ਬਦ ਨਹੀਂ ਬੋਲਿਆ, ਜੋ ਕੁਝ ਕਿਹਾ ਉਨ੍ਹਾਂ ਨੇ ਹੀ ਕਿਹਾ। ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਨਾ ਮੈਂ ਟਿਕਟਾਂ ਵੰਡੀਆਂ ਤੇ ਨਾ ਹੀ ਉਮੀਦਵਾਰ ਖੜ੍ਹੇ ਕੀਤੇ। ਇਹ ਸਭ ਕੁਝ ਉਨ੍ਹਾਂ ਨੇ ਕੀਤਾ ਅਤੇ ਫਿਰ ਅੱਧ ਵਿਚਾਲੇ ਮੈਨੂੰ ਪਿੱਛੇ ਹਟਣ ਲਈ ਕਿਹਾ ਗਿਆ ਪਰ ਮੈਂ ਇਨਕਾਰ ਕੀਤਾ ਅਤੇ ਕਿਹਾ ਕਿ ਤੁਸੀਂ ਬੇਈਮਾਨ ਹੋ। ਜਿਸ ‘ਤੇ ਉਨ੍ਹਾਂ ਕਿਹਾ ਕਿ ਉਹ ਵਿਰੋਧ ਕਰਨਗੇ। ਰਾਜੇਵਾਲ ਮੁਤਾਬਕ ਉਨ੍ਹਾਂ ਕਿਹਾ ਕਿ ਮੇਰੇ ਨਾਮ ‘ਤੇ ਜੋ 102 ਬੰਦੇ ਚੋਣਾਂ ਵਿਚ ਖੜ੍ਹੇ ਕੀਤੇ ਹਨ ਉਨ੍ਹਾਂ ਨੂੰ ਧੋਖਾ ਨਹੀਂ ਦੇਣਾ ਅਤੇ ਬੇਜ਼ੁਬਾਨਾਂ ਨਹੀਂ ਕਹਾਉਣਾ। ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਜਿਨ੍ਹਾਂ ਨੇ SSM ਬਣਾਇਆ, ਜਿਨ੍ਹਾਂ ਨੇ ਮੈਨੂੰ ਚੋਣ ਲੜਵਾਈ ਉਹ ਸਾਰੇ ਭਗੌੜੇ ਹਨ।