ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਹਾਲ ਹੀ ਹੋਏ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਦਿੱਤੇ ਦਾੜ੍ਹੀ ਵਾਲੇ ਬਿਆਨ ਨੂੰ ਲੈ ਕੇ ਸਿਆਸਤ ਲਗਾਤਾਰ ਗਰਮਾਉਂਦੀ ਜਾ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਬਿਕਰਮ ਮਜੀਠੀਆ ਨੇ ਇਸ ਮੁੱਦੇ ‘ਤੇ ਚੰਡੀਗੜ੍ਹ ਵਿਚ ਪ੍ਰੈੱਸ ਕਾਨਫਰੰਸ ਕੀਤੀ ਜਿਸ ਵਿਚ ਉਹਨਾਂ ਵੱਡਾ ਇਲਜ਼ਾਮ ਲਾਉਂਦਿਆਂ ਕਿਹਾ ਕਿ ਇਹ ਬਿਆਨ ਦੇਣ ਵੇਲੇ ਮੁੱਖ ਮੰਤਰੀ ਸ਼ਰਾਬ ਪੀ ਕੇ ਵਿਧਾਨ ਸਭਾ ਵਿੱਚ ਗਿਆ ਸੀ।
ਬਿਕਰਮ ਸਿੰਘ ਮਜੀਠੀਆ ਨੇ ਤੰਜ ਕਸਦਿਆਂ ਕਿਹਾ, ਕੀ ਇਹ ਬਦਲਾਅ ਵਿਧਾਨ ਸਭਾ ਵਿੱਚ ਗੁਰੂਆਂ ਦੀ ਬੇਅਦਬੀ ਕਰਨ ਲਈ ਆਇਆ ਸੀ। ਮਜੀਠੀਆ ਨੇ ਕਿਹਾ ਕਿ ਵਿਧਾਨ ਸਭਾ ਵਿੱਚ ਦਾੜ੍ਹੇ ਬਾਰੇ ਬਿਆਨ ਦੇਣ ਵੀ ਕਿਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਏਜੰਡਾ ਤਾਂ ਨਹੀਂ ਸੀ। ਉਸ ਵੇਲੇ ਸ਼ਰਮ ਦੀ ਗੱਲ ਇਹ ਸੀ ਜਦੋਂ ਮੁੱਖ ਮੰਤਰੀ ਬੇਅਦਬੀ ਕਰ ਰਿਹਾ ਸੀ ਤਾਂ ਪਾਰਟੀ ਦੇ ਵਿਧਾਇਕ ਤਾੜ੍ਹੀਆਂ ਮਾਰ ਰਹੇ ਸਨ, ਕੀ ਇਹ ਤਾੜੀਆਂ ਮਾਰਨ ਵਾਲੀ ਗੱਲ ਸੀ ?
ਇਸ ਮੌਕੇ ਮਜੀਠੀਆ ਨੇ ਕਿਹਾ ਕਿ ਉਨ੍ਹਾਂ ਨੂੰ ਸਭ ਤੋਂ ਜ਼ਿਆਦਾ ਰੰਜ ਵਿਧਾਨ ਸਭਾ ਦੇ ਸਪੀਕਰ ਨਾਲ ਹੈ ਕਿਉਂਕਿ ਉਨ੍ਹਾਂ ਨੇ ਵੀ ਇਸ ਮਾਮਲੇ ਵਿੱਚ ਕੁਝ ਨਹੀਂ ਕਿਹਾ ਸਗੋਂ ਪਾਰਟੀ ਦੇ ਵਿਧਾਇਕ ਇਹ ਬਿਆਨ ਮੌਕੇ ਤਾੜੀਆਂ ਮਾਰ ਰਹੇ ਸਨ। ਸਪੀਕਰ ਨੂੰ ਉਸ ਵੇਲੇ ਇਸ ਦਾ ਵਿਰੋਧ ਕਰਨਾ ਚਾਹੀਦਾ ਸੀ ਜੋ ਕਿ ਉਨ੍ਹਾਂ ਵੱਲੋਂ ਅਜੇ ਤੱਕ ਨਹੀਂ ਕੀਤਾ ਗਿਆ ਹੈ।
ਇਸ ਮੌਕੇ ਮਜੀਠੀਆ ਨੇ ਵੱਡਾ ਇਲਜ਼ਾਮ ਲਾਉਂਦਿਆਂ ਕਿਹਾ, ਕਿ ਉਨ੍ਹਾਂ ਦੇ ਚਾਹੁਣ ਵਾਲੇ ਖ਼ਾਸ ਵਿਅਕਤੀ ਨੇ ਦੱਸਿਆ ਕਿ ਵਿਧਾਨ ਸਭਾ ਵਿੱਚ ਬਿਆਨ ਦੇਣ ਵਾਲੇ ਦਿਨ ਮੁੱਖ ਮੰਤਰੀ ਸ਼ਰਾਬ ਪੀ ਕੇ ਗਿਆ ਹੋਇਆ ਸੀ। ਮਜੀਠੀਆ ਨੇ ਵਿਧਾਨ ਸਭਾ ਦੇ ਸਪੀਕਰ ਨੂੰ ਅਪੀਲ ਕੀਤੀ ਕਿ ਵਿਧਾਨ ਸਭਾ ਦੇ ਗੇਟ ਉੱਤੇ ਸ਼ਰਾਬ ਚੈੱਕ ਕਰਨ ਵਾਲੇ ਅਲਕੋਮੀਟਰ ਲਾਏ ਜਾਣ ਤਾਂ ਜੋ ਪਤਾ ਲੱਗ ਜਾਵੇ। ਇਸ ਤੋਂ ਇਲਾਵਾ ਗਵਰਨਰ ਨੂੰ ਅਪੀਲ ਕਰਾਂਗੇ ਕਿ ਅੱਗੇ ਤੋਂ ਵਿਧਾਨ ਸਭਾ ਵਿੱਚ ਜਾਣ ਤੋਂ ਪਹਿਲਾਂ ਸ਼ਰਾਬ ਟੈਸਟ ਕਰਵਾਇਆ ਜਾਵੇ ਤਾਂ ਜੋ ਪਤਾ ਲੱਗੇ ਕਿ ਸ਼ਰਾਬ ਪੀ ਕੇ ਤਾਂ ਨਹੀਂ ਬੋਲ ਰਿਹਾ ਇਸ ਤੋਂ ਇਲਾਵਾ ਮਜੀਠੀਆ ਨੇ ਭਗਵੰਤ ਮਾਨ ਦੀਆਂ ਪੁਰਾਣੀਆਂ ਵੀਡੀਓ ਸਾਂਝੀਆਂ ਕੀਤੀਆਂ ਜਿਸ ਵਿੱਚ ਮਾਨ ਉੱਤੇ ਸ਼ਰਾਬ ਪੀਣ ਦੇ ਇਲਜ਼ਾਮ ਲੱਗ ਰਹੇ ਸਨ।
ਸ਼੍ਰੋਮਣੀ ਅਕਾਲੀ ਦਲ ਦੇ ਆਗੂ ਮਜੀਠੀਆ ਨੇ ਕਿਹਾ ਕਿ ਪੰਜਾਬ ਦੇ ਲੋਕ ਤੇ ਦੁਨੀਆ ਵਿੱਚ ਵਸਦੀ ਨਾਨਕ ਨਾਮ ਲੇਵਾ ਸੰਗਤ ਮੁੱਖ ਮੰਤਰੀ ਦੇ ਇਸ ਬਿਆਨ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਜਿਸ ਦੇ ਖ਼ੁਦ ਕਤਲ ਕੇਸ ਕਰਵਾਏ ਹੋਏ ਹਨ ਤੇ ਗੁਰੂ ਦੇ ਸਿੱਖ ਦੀ ਬੇਅਦਬੀ ਕਰ ਰਿਹਾ ਹੈ ਉਸ ਨੂੰ ਕਿਸੇ ਵੀ ਕੀਮਤ ਉੱਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਜ਼ਿਕਰ ਕਰ ਦਈਏ ਕਿ ਵਿਧਾਨ ਸਭਾ ਦੀ ਕਾਰਵਾਈ ਦੌਰਾਨ ਭਗਵੰਤ ਮਾਨ ਨੇ ਕਿਹਾ ਸੀ ਕਿ ”ਜਿਵੇਂ ਦਿਲੋਂ ਹਾਂ ਓਵੇਂ ਹੀ ਜ਼ੁਬਾਨੋਂ ਹਾਂ.. ਅਸੀਂ ਮੌਕਾ ਦੇਖ ਕੇ ਦਾਹੜੀ ਨਹੀਂ ਖੋਲ੍ਹਦੇ, ਇੰਨਾ ਪਤਾ ਕਿ ਸੱਚੇ ਹਾਂ, ਬੰਦਾ ਕੋਈ ਨੁਕਸ ਕੱਢ ਕੇ ਦਿਖਾ ਦੇਵੇ ਤਾਂ ਮੰਨ ਜਾਵਾਂਗੇ.. ਇੱਥੇ ਕੋਈ ਵੋਟਾਂ ਆ ਗਈਆਂ ਤਾਂ ਦਾਹੜੀ ਖੋਲ ਲੈਂਦੇ ਹਨ ਤੇ ਬਾਅਦ ਵਿੱਚ ਬੰਨ੍ਹ ਲੈਂਦੇ ਹਨ।’