ਆਮ ਆਦਮੀ ਕਲੀਨਿਕਾਂ ਨੂੰ ਲੈਕੇ ਮਾਨ ਸਰਕਾਰ ਲਗਾਤਾਰ ਵਿਰੋਧੀਆਂ ਦੇ ਨਿਸ਼ਾਨੇ ‘ਤੇ ਆ ਰਹੀ ਹੈ। ਇਸੇ ਦਰਮਿਆਨ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਆਮ ਆਦਮੀ ਕਲੀਨਿਕਾਂ ਉਪਰ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਤਸਵੀਰਾਂ ਉੱਪਰ ਸਵਾਲ ਉਠਾਇਆ ਹੈ। ਉਨ੍ਹਾਂ ਕਿਹਾ ਹੈ ਕਿ ਸੀਐਮ ਮਾਨ ਆਪਣੇ ਸਵੈ-ਪ੍ਰਚਾਰ ਲਈ ਤਰਸ ਰਹੇ ਹਨ। ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਉਨ੍ਹਾਂ ਸਿਹਤ ਕੇਂਦਰਾਂ ’ਤੇ ਆਪਣੀਆਂ ਤਸਵੀਰਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਸੀ, ਜਿਨ੍ਹਾਂ ਦਾ ਨਾਮ ਹੀ ‘ਆਪ’ ਸਰਕਾਰ ਨੇ ਆਪਣੀ ਪਾਰਟੀ ਦੇ ਨਾਮ ’ਤੇ ਰੱਖਿਆ ਹੈ। ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੱਖ-ਵੱਖ ਭਾਸ਼ਣਾਂ ਵਿੱਚ ਦਾਅਵਾ ਕੀਤਾ ਸੀ ਕਿ ਉਹ ਆਪਣੀਆਂ ਤਸਵੀਰਾਂ ਦੀ ਵਰਤੋਂ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਵੱਲੋਂ ਸੱਤਾ ਤੋਂ ਪਹਿਲਾਂ ਤੇ ਮੁੱਖ ਮੰਤਰੀ ਬਣਨ ਤੋਂ ਬਾਅਦ ਵਿੱਚ ਜੋ ਪ੍ਰਚਾਰ ਕੀਤਾ ਜਾ ਰਿਹਾ ਹੈ, ਉਸ ਵਿੱਚ ਬਹੁਤ ਵੱਡਾ ਫਰਕ ਹੈ।
ਉਨ੍ਹਾਂ ਕਿਹਾ ਕਿ ਭਗਵੰਤ ਮਾਨ 108 ਐਂਬੂਲੈਂਸਾਂ ’ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀਆਂ ਲੱਗੀਆਂ ਤਸਵੀਰਾਂ ਦਾ ਮਜ਼ਾਕ ਉਡਾਉਂਦੇ ਰਹੇ ਹਨ। ਉਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਚਰਨਜੀਤ ਸਿੰਘ ਚੰਨੀ ਦਾ ਬੋਰਡਾਂ ਉੱਤੇ ਤਸਵੀਰਾਂ ਲਗਾਉਣ ਦਾ ਵੀ ਮਜ਼ਾਕ ਉਡਾਇਆ ਸੀ। ਪ੍ਰਤਾਪ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਕੀਤਾ ਕਿ ਹੁਣ ਹਰ ਜਗ੍ਹਾ ਉਨ੍ਹਾਂ ਦੀਆਂ ਤਸਵੀਰਾਂ ਹਨ, ਇਸ ਬਾਰੇ ਮਾਨ ਕੀ ਕਹਿਣਗੇ? ਬਾਜਵਾ ਨੇ ਕਿਹਾ ਕਿ ਉਹ ਆਪਣੀ ਥਾਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਤੇ ਡਾ. ਬੀਆਰ ਅੰਬੇਡਕਰ ਦੀਆਂ ਤਸਵੀਰਾਂ ਦੀ ਵਰਤੋਂ ਕਰ ਸਕਦੇ ਸਨ ਕਿਉਂਕਿ ‘ਆਪ’ ਇਨ੍ਹਾਂ ਸਖ਼ਸ਼ੀਅਤਾਂ ਦੀ ਸਭ ਤੋਂ ਵੱਧ ਪ੍ਰਸ਼ੰਸਾ ਕਰਦੀ ਹੈ ਪਰ ਅਸਲ ਵਿਚ ‘ਆਪ’ ਇਨ੍ਹਾਂ ਦੋਵਾਂ ਕੌਮੀ ਨਾਇਕਾਂ ਦਾ ਸਤਿਕਾਰ ਨਹੀਂ ਕਰਦੀ। ‘ਆਪ’ ਨੇ ਸਿਰਫ਼ ਵੋਟਾਂ ਹਾਸਲ ਕਰਨ ਲਈ ਸ਼ਹੀਦ ਭਗਤ ਸਿੰਘ ਤੇ ਡਾ. ਬੀਆਰ ਅੰਬੇਡਕਰ ਦੇ ਨਾਵਾਂ ਦੀ ਦੁਰਵਰਤੋਂ ਕਰ ਕੇ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਇਆ। ਬਾਜਵਾ ਨੇ ਕਿਹਾ ਕਿ ਸਿਹਤ ਕੇਂਦਰਾਂ ਦਾ ਨਾਮ ਆਮ ਆਦਮੀ ਪਾਰਟੀ ਦੇ ਨਾਮ ’ਤੇ ਰੱਖਣਾ ਗੈਰ-ਵਾਜਬ ਹੈ। ਇਸ ਤੋਂ ਪਹਿਲਾਂ ਕਿਸੇ ਵੀ ਰਾਜਨੀਤਿਕ ਪਾਰਟੀ ਨੇ ਆਪਣੀ ਪਾਰਟੀ ਦੇ ਨਾਮ ’ਤੇ ਕਿਸੇ ਵੀ ਜਨਤਕ ਜਾਇਦਾਦ ਦਾ ਨਾਮ ਨਹੀਂ ਰੱਖਿਆ ਹੈ। ਇਸ ਨੂੰ ਤੁਰੰਤ ਪ੍ਰਭਾਵ ਨਾਲ ਹਟਾਇਆ ਜਾਣਾ ਚਾਹੀਦਾ ਹੈ।