ਜਿਥੇ ਇਕ ਪਾਸੇ ਪੰਜਾਬ ਪੁਲਿਸ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਲੱਭਣ ਲਈ ਹਰ ਥਾਂ ਛਾਪੇ ਮਾਰ ਰਹੀ ਹੈ ਉਥੇ ਹੀ ਵੱਡੀ ਖ਼ਬਰ ਇਹ ਸਾਹਮਣੇ ਆਈ ਹੈ ਕਿ ਅੰਮ੍ਰਿਤਪਾਲ ਦੀ ਪਤਨੀ ਕਿਰਨਦੀਪ ਕੌਰ ਨੂੰ ਅੰਮ੍ਰਿਤਸਰ ਏਅਰਪੋਰਟ ‘ਤੇ ਡਿਟੇਨ ਕਰ ਲਿਆ ਗਿਆ ਹੈ। ਹਾਸਲ ਹੋਈ ਜਾਣਕਾਰੀ ਤੋਂ ਪਤਾ ਚੱਲਿਆ ਕਿ ਅੰਮ੍ਰਿਤਪਾਲ ਸਿੰਘ ਦੀ ਪਤਨੀ ਦੁਪਹਿਰ ਦੀ ਫਲਾਈਟ ਲੈਕੇ ਲੰਡਨ ਲਈ ਰਵਾਨਾ ਹੋਣ ਵਾਲੀ ਸੀ। ਪਰ ਇਸੇ ਦਰਮਿਆਨ ਉਹਨਾਂ ਨੂੰ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਰੋਕ ਲਿਆ ਗਿਆ।
ਦਸ ਦਈਏ ਕਿ ਫਰਵਰੀ ਮਹੀਨੇ ‘ਚ ਅੰਮ੍ਰਿਤਪਾਲ ਸਿੰਘ ਨੇ ਯੂਕੇ ਵਿੱਚ ਰਹਿੰਦੀ ਪੰਜਾਬੀ ਮੂਲ ਦੀ ਲੜਕੀ ਕਿਰਨਦੀਪ ਕੌਰ ਨਾਲ ਵਿਆਹ ਕਰਵਾਇਆ ਸੀ। ਉਦੋਂ ਤੋਂ ਹੀ ਦੋਵੇਂ ਅੰਮ੍ਰਿਤਪਾਲ ਸਿੰਘ ਦੇ ਪਿੰਡ ਜੱਲੂਪੁਰ ਖੇੜਾ ਵਿੱਚ ਰਹਿ ਰਹੇ ਸਨ। ਹੁਣ ਅੰਮ੍ਰਿਤਪਾਲ ਸਿੰਘ 18 ਮਾਰਚ ਤੋਂ ਰੂਪੋਸ਼ ਹੈ। ਪੁਲਿਸ ਪਹਿਲਾਂ ਵੀ ਕਿਰਨਦੀਪ ਕੌਰ ਤੋਂ ਅੰਮ੍ਰਿਤਪਾਲ ਮਾਮਲੇ ‘ਚ ਪੁੱਛਗਿੱਛ ਕਰ ਚੁੱਕੀ ਅਤੇ ਹੁਣ ਮੁੜ ਏਅਰਪੋਰਟ ‘ਤੇ ਰੋਕ ਕੇ ਉਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਦੱਸਣਯੋਗ ਹੈ ਕਿ ਬੀਤੇ ਕਈ ਤੋਂ ਫਰਾਰ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਪੁਲਿਸ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦੌਰਾਨ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਦੇ ਕਈ ਸਾਰੇ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਪਰ ਅੰਮ੍ਰਿਤਪਾਲ ਸਿੰਘ ਦਾ ਅਜੇ ਤੱਕ ਕੋਈ ਵੀ ਅਤਾ ਪਤਾ ਨਹੀਂ ਹੈ। ਦੱਸ ਦੇਈਏ ਕਿ ਪੰਜਾਬ ਪੁਲਿਸ ਵੱਲੋਂ ਬਟਾਲਾ ਰੇਲਵੇ ਸਟੇਸ਼ਨ ਅਤੇ ਪਟਿਆਲਾ ਦੇ ਦੁਖ ਨਿਵਾਰਨ ਗੁਰਦੁਆਰੇ ਦੇ ਬਾਹਰ ਅੰਮ੍ਰਿਤਪਾਲ ਨੂੰ ਲੱਭਣ ਲਈ ਪੋਸਟਰ ਲਗਾਏ ਗਏ ਸਨ। ਇਨ੍ਹਾਂ ਪੋਸਟਰਾਂ ‘ਤੇ ਲੋਕਾਂ ਨੂੰ ਅਪੀਲ ਕੀਤੀ ਗਈ ਸੀ ਕਿ ਜਿਸ ਨੂੰ ਵੀ ਅੰਮ੍ਰਿਤਪਾਲ ਬਾਰੇ ਜਾਣਕਾਰੀ ਮਿਲੇ, ਉਹ ਪੁਲਸ ਨੂੰ ਜ਼ਰੂਰ ਦੱਸੇ, ਉਸ ਨੂੰ ਯੋਗ ਇਨਾਮ ਦਿੱਤਾ ਜਾਵੇਗਾ ਅਤੇ ਉਸ ਦਾ ਨਾਂ ਵੀ ਗੁਪਤ ਰੱਖਿਆ ਜਾਵੇਗਾ।