ਆਈ.ਏ.ਐਸ. ਅਨੁਰਾਗ ਵਰਮਾ ਨੂੰ ਪੰਜਾਬ ਦਾ ਨਵਾਂ ਮੁੱਖ ਸਕੱਤਰ ਨਿਯੁਕਤ ਕੀਤਾ ਗਿਆ ਹੈ। ਵਰਮਾ 1993 ਬੈਚ ਦੇ ਆਈ.ਏ.ਐਸ. ਅਧਿਕਾਰੀ ਹਨ ਜੋ ਮੌਜੂਦਾ ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ ਦੀ ਥਾਂ ਲੈਣਗੇ। ਜੰਜੂਆ ਜੂਨ ਦੇ ਆਖਰੀ ਦਿਨਾਂ ‘ਚ ਸੇਵਾਮੁਕਤ ਹੋ ਜਾਣਗੇ। ਜਿਸ ਤੋਂ ਬਾਅਦ ਹੁਣ 1993 ਬੈਚ ਦੇ ਆਈ.ਏ.ਐਸ. ਅਧਿਕਾਰੀ ਅਨੁਰਾਗ ਵਰਮਾ ਨੂੰ ਪੰਜਾਬ ਸੂਬੇ ਦਾ ਮੁੱਖ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਸ ਸਬੰਧੀ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ।
ਦਸ ਦਈਏ ਕਿ ਜੰਜੂਆ ਨੂੰ ਯੂਪੀਐਸਸੀ ਨੇ ਐਕਸਟੈਂਸ਼ਨ ਨਹੀਂ ਦਿੱਤੀ ਹੈ। ਇਹੀ ਕਾਰਨ ਹੈ ਕਿ ਪੰਜਾਬ ਸਰਕਾਰ ਨੇ ਅਨੁਰਾਗ ਵਰਮਾ ਨੂੰ ਜ਼ਿੰਮੇਵਾਰੀ ਸੌਂਪੀ ਹੈ। ਦਸਣਯੋਗ ਹੈ ਕਿ ਇਸ ਤੋਂ ਪਹਿਲਾਂ ਆਈਏਐਸ ਕੇਏਪੀ ਸਿਨਹਾ ਦਾ ਨਾਂ ਵੀ ਮੁੱਖ ਸਕੱਤਰ ਦੇ ਅਹੁਦੇ ਦੀ ਦੌੜ ਵਿੱਚ ਸ਼ਾਮਲ ਸੀ। ਸੂਤਰਾਂ ਦੇ ਹਵਾਲੇ ਤੋਂ ਇਹ ਵੀ ਖ਼ਬਰ ਪਤਾ ਲੱਗੀ ਕਿ ਮੌਜੂਦਾ ਮੁੱਖ ਸਕੱਤਰ ਵੀਕੇ ਜੰਜੂਆ ਨੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ (ਪੀਪੀਐਸਸੀ) ਦੇ ਚੇਅਰਮੈਨ ਦੇ ਅਹੁਦੇ ਲਈ ਅਰਜ਼ੀ ਦਿੱਤੀ ਹੈ। ਹਾਲਾਂਕਿ ਸੂਬਾ ਸਰਕਾਰ ਨੇ ਇਸ ਬਾਰੇ ਅਜੇ ਕੋਈ ਫੈਸਲਾ ਨਹੀਂ ਲਿਆ ਹੈ।
ਗੌਰਤਲਬ ਹੈ ਕਿ 5 ਜੁਲਾਈ 2022 ਨੂੰ ਵੀਕੇ ਜੰਜੂਆ ਨੂੰ ਪੰਜਾਬ ਦਾ ਮੁੱਖ ਸਕੱਤਰ ਬਣਾਇਆ ਗਿਆ ਸੀ। ਉਨ੍ਹਾਂ ਦੀ ਨਿਯੁਕਤੀ ਅਨਿਰੁਧ ਤਿਵਾਰੀ ਨੂੰ ਹਟਾਉਣ ਤੋਂ ਬਾਅਦ ਕੀਤੀ ਗਈ ਸੀ। ਇਸ ਤੋਂ ਪਹਿਲਾਂ ਵੀ.ਕੇ.ਜੰਜੂਆ ਜੇਲ੍ਹ ਐਂਡ ਐਡੀਸ਼ਨਲ ਸਪੈਸ਼ਲ ਚੀਫ਼ ਸੈਕਰੇਟਰੀ ਇਲੈਕਸ਼ਨ ਵਜੋਂ ਤਾਇਨਾਤ ਸਨ।