ਪੰਜਾਬ ਦੇ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਕਾਂਗਰਸ ਦਾ ਪੱਲਾ ਛੱਡਕੇ ਭਾਜਪਾ ਵਿਚ ਅੱਜ ਸ਼ਾਮਲ ਹੋ ਗਏ ਹਨ। ਮਨਪ੍ਰੀਤ ਸਿੰਘ ਬਾਦਲ ਨੇ ਦਿੱਲੀ ਕੇਂਦਰੀ ਮੰਤਰੀ ਪਿਯੂਸ਼ ਗੋਇਲ ਦੀ ਅਗਵਾਈ ਵਿਚ ਭਾਜਪਾ ਦਾ ਪੱਲਾ ਫੜਿਆ ਹੈ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਭਾਜਪਾ ਨੇ ਮੈਨੂੰ ਆਪਣੀਆਂ ਅੱਖਾਂ ‘ਤੇ ਬਿਠਾਇਆ ਹੈ। ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਪੰਜਾਬ ਲਈ ਕਾਫ਼ੀ ਫ਼ਿਕਰਮੰਦ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ਸ਼ੇਰਾਂ ਨੂੰ ਜਨਮ ਦੇਣ ਵਾਲੀ ਧਰਤੀ ਹੈ। ਉਨ੍ਹਾਂ ਕਿਹਾ ਕਿ ਇਸ ਧਰਤੀ ਨੂੰ ਮੁਸੀਬਤਾਂ ਨੇ ਘੇਰ ਲਿਆ ਹੈ ਅਤੇ ਗਰੀਬੀ, ਬੇਰੁਜ਼ਗਾਰੀ, ਨਸ਼ਾ, ਅਪਰਾਧ ਚਰਮ ਸੀਮਾ ‘ਤੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਮੁਸੀਬਤਾਂ ਦਾ ਕੋਈ ਨਾ ਕੋਈ ਹੱਲ ਹੋਣਾ ਚਾਹੀਦਾ ਹੈ।
ਮਨਪ੍ਰੀਤ ਬਾਦਲ ਨੇ ਕਿਹਾ ਕਿ ਪੰਜਾਬ ਦੇ ਵੱਕਾਰ ਨੂੰ ਮੁੜ ਤੋਂ ਬਹਾਲ ਕਰਾਂਗੇ। ਮਨਪ੍ਰੀਤ ਬਾਦਲ ਨੇ ਕਿਹਾ ਕਿ ਮੋਦੀ ਸਰਕਾਰ ਦੇ ਕਾਰਜਕਾਲ ਦੌਰਾਨ ਹਿੰਦੋਸਤਾਨ ਨੇ ਕਾਫ਼ੀ ਤਰੱਕੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਚੁਣੌਤੀਆਂ ਨੂੰ ਜੇਕਰ ਕੋਈ ਪਟੜੀ ‘ਤੇ ਚੜ੍ਹਾ ਸਕਦਾ ਹੈ ਤਾਂ ਉਹ ਸਿਰਫ ਪ੍ਰਧਾਨ ਮੰਤਰੀ ਮੋਦੀ ਹੀ ਹਨ। ਕਾਂਗਰਸ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਧੜਿਆਂ ‘ਚ ਵੰਡੀ ਹੋਈ ਹੈ।
ਉਨ੍ਹਾਂ ਕਿਹਾ ਕਿ ਮੈਂ ਧੜਿਆਂ ਦੀ ਸਿਆਸਤ ਕਾਰਨ ਹੀ ਕਾਂਗਰਸ ਛੱਡੀ ਹੈ ਅਤੇ ਕਾਂਗਰਸ ਦਾ ਦੇਸ਼ ਦੇ ਹਰ ਸੂਬੇ ‘ਚ ਇਹੀ ਹਾਲ ਹੈ। ਉਨ੍ਹਾਂ ਕਿਹਾ ਕਿ ਅਸੀਂ ਦੇਸ਼ ਅਤੇ ਪੰਜਾਬ ਦੀ ਸੇਵਾ ਕਰਨੀ ਹੈ ਅਤੇ ਧੜਿਆਂ ਦੀ ਸਿਆਸਤ ਨਹੀਂ ਕਰਨੀ। ਉਨ੍ਹਾਂ ਕਿਹਾ ਕਿ ਰੱਬ ਸਾਨੂੰ ਦੇਸ਼ ਦੀ ਸੇਵਾ ਕਰਨ ਦੀ ਸ਼ਕਤੀ ਦੇਵੇ। ਇਸ ਮੌਕੇ ਉਨ੍ਹਾਂ ਨੇ ਭਾਜਪਾ ਆਗੂਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਅੱਜ ਇਕ ਨਵੇਂ ਸਫ਼ਰ ਦੀ ਉਹ ਸ਼ੁਰੂਆਤ ਕਰ ਰਹੇ ਹਨ।
ਦਸ ਦਈਏ ਕਿ ਮਨਪ੍ਰੀਤ ਬਾਦਲ ਨੇ ਕੁੱਝ ਦੇਰ ਪਹਿਲਾਂ ਹੀ ਕਾਂਗਰਸ ਵਿਚੋਂ ਅਸਤੀਫ਼ਾ ਦਿੱਤਾ ਸੀ। ਰਾਹੁਲ ਗਾਂਧੀ ਨੂੰ ਭੇਜੇ ਲੰਬੇ ਚੌੜੇ ਅਸਤੀਫ਼ੇ ਵਿਚ ਮਨਪ੍ਰੀਤ ਨੇ ਕਈ ਗਿਲੇ ਸ਼ਿਕਵੇ ਵੀ ਪਾਰਟੀ ਲੀਡਰਿਸ਼ਪ ਨਾਲ ਕੀਤੇ ਸਨ। ਜਿਸ ਵਿਚ ਉਨ੍ਹਾਂ ਨੇ ਕਿਸੇ ਖਾਸ ਆਗੂ ਦਾ ਨਾਂ ਤਾਂ ਨਹੀਂ ਲਿਆ ਸੀ ਪਰ ਉਨ੍ਹਾਂ ਨੇ ਅਸਿੱਧੇ ਤੌਰ ’ਤੇ ਕਾਂਗਰਸ ਦੇ ਮੌਜੂਦਾ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ’ਤੇ ਵੱਡੇ ਹਮਲੇ ਬੋਲੇ ਸਨ।
ਮਨਪ੍ਰੀਤ ਬਾਦਲ ਨੇ ਅਸਤੀਫ਼ੇ ਵਿਚ ਆਖਿਆ ਹੈ ਕਿ ਕਾਂਗਰਸ ਨੇ ਪਾਰਟੀ ਅਤੇ ਪੰਜਾਬ ਦੀ ਜ਼ਿੰਮੇਵਾਰੀ ਜਿਨ੍ਹਾਂ ਲੋਕਾਂ ਨੂੰ ਸੌਂਪੀ ਹੈ, ਉਨ੍ਹਾਂ ਨੇ ਕਾਂਗਰਸ ਨੂੰ ਜੋੜਨ ਦੀ ਬਜਾਏ ਸਗੋਂ ਹੋਰ ਤੋੜਿਆ ਹੈ। ਉਨ੍ਹਾਂ ਲੋਕਾਂ ਨੇ ਧੜੇਬੰਦੀ ਨੂੰ ਹੋਰ ਵਧਾਉਣ ਦਾ ਕੰਮ ਕੀਤਾ ਹੈ। ਮਨਪ੍ਰੀਤ ਨੇ ਕਿਹਾ ਹੈ ਕਿ ਉਹ ਅਸਤੀਫ਼ਾ ਦੇਣ ਲੱਗੇ ਬਹੁਤ ਉਦਾਸ ਹਨ। ਮਨਪ੍ਰੀਤ ਨੇ ਕਿਹਾ ਕਿ ਜਿਸ ਸਮੇਂ ਉਹ ਕਾਂਗਰਸ ਵਿਚ ਸ਼ਾਮਲ ਹੋਏ ਸਨ ਤਾਂ ਉਨ੍ਹਾਂ ਨੂੰ ਪਾਰਟੀ ਤੋਂ ਬਹੁਤ ਉਮੀਦਾਂ ਸਨ ਪਰ ਕਾਂਗਰਸ ਦੀ ਕਮਾਨ ਉਨ੍ਹਾਂ ਲੋਕਾਂ ਦੇ ਹੱਥ ਦਿੱਤੀ ਗਈ ਹੈ, ਜਿਨ੍ਹਾਂ ਨੇ ਕਾਂਗਰਸ ਵਿਚ ਧੜੇਵੰਦੀ ਹੋਰ ਵਧਾਈ ਹੈ।