ਇਸ ਵੇਲੇ ਦੀ ਵੱਡੀ ਖ਼ਬਰ ਲੁਧਿਆਣਾ ਕੈਸ਼ ਵੈਨ ਲੁੱਟ ਮਾਮਲੇ ਨਾਲ ਜੁੜੀ ਸਾਹਮਣੇ ਆ ਰਹੀ ਹੈ। ਦਸ ਦਈਏ ਕਿ ਪੁਲਿਸ ਨੇ ਲੁਧਿਆਣਾ ਕੈਸ਼ ਵੈਨ ਲੁੱਟ ਮਾਮਲੇ ਦੀ ਮਾਸਟਰਮਾਈਂਡ ਡਾਕੂ ਹਸੀਨਾ ਮਨਦੀਪ ਕੌਰ ਉਰਫ਼ ਮੋਨਾ ਅਤੇ ਉਸਦੇ ਪਤੀ ਨੂੰ ਉਤਰਾਖੰਡ ਤੋਂ ਗ੍ਰਿਫ਼ਤਾਰ ਕਰ ਲਿਆ ਹੈ।
ਇਸ ਦੀ ਜਾਣਕਾਰੀ ਖੁਦ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਸਾਂਝੀ ਕੀਤੀ ਹੈ। ਡੀਜੀਪੀ ਨੇ ਲਿਖਿਆ, “ਮਾਣ ਹੈ ਕਿ ਲੁਧਿਆਣਾ ਪੁਲਿਸ ਅਤੇ ਕਾਊਂਟਰ ਇੰਟੈਲੀਜੈਂਸ ਯੂਨਿਟ ਨੇ ਉੱਤਰਾਖੰਡ ਤੋਂ ਭਗੌੜੀ ਮਨਦੀਪ ਕੌਰ ਉਰਫ ਮੋਨਾ ਅਤੇ ਉਸਦੇ ਪਤੀ ਜਸਵਿੰਦਰ ਸਿੰਘ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਸੀਐਮਐਸ ਕੈਸ਼ ਰੋਬਰੀ ਕੇਸ ਨੂੰ ਹੱਲ ਕਰ ਲਿਆ ਹੈ। ਉਹਨਾਂ ਕਿਹਾ ਕਿ ਲੁਧਿਆਣਾ ਕੈਸ਼ ਵੈਨ ਲੁੱਟ ਦਾ ਕਿੰਗਪਿਨ 100 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਗ੍ਰਿਫਤਾਰ ਹੋ ਚੁੱਕਾ ਹੈ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਪੁਲਿਸ ਟੀਮਾਂ ਨੇ ਬਹੁ-ਕਰੋੜੀ ਲੁੱਟ ਨੂੰ ਸੁਲਝਾਉਣ ਲਈ ਪੇਸ਼ੇਵਰ ਅਤੇ ਵਿਗਿਆਨਕਾਂ ਤੱਕ ਪਹੁੰਚ ਦੀ ਵਰਤੋਂ ਕੀਤੀ।
ਦਸ ਦਈਏ ਕਿ ਬੈਂਕਾਂ ਤੋਂ ਕੈਸ਼ ਇਕੱਠਾ ਕਰਕੇ ਏਟੀਐਮ ਵਿਚ ਪੈਸੇ ਪਾਉਣ ਵਾਲੀ ਸੀ.ਐਮ.ਐਸ. ਵਿਚ ਲੰਘੀ 10 ਜੂਨ ਨੂੰ ਕਰੋੜਾਂ ਦੀ ਲੁੱਟ ਨੂੰ ਅੰਜਾਮ ਦਿੱਤਾ ਗਿਆ ਸੀ ਇਸ ਦੌਰਾਨ ਮੁਲਜ਼ਮ ਦਫ਼ਤਰ ਵਿਚੋਂ 8.49 ਕਰੋੜ ਲੁੱਟ ਕੇ ਫਰਾਰ ਹੋ ਗਏ ਸੀ ਜਿਸ ਤੋਂ ਬਾਅਦ ਪੁਲਿਸ ਨੇ ਪਹਿਲਾਂ ਵੱਡੀ ਕਾਰਵਾਈ ਕਰਦਿਆਂ 6 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਜਿੰਨਾਂ ਪਾਸੋਂ 5 ਕਰੋੜ 75 ਲੱਖ ਰੁਪਏ ਬਰਾਮਦ ਕਰ ਲਏ ਗਏ ਸੀ ਅਤੇ ਅੱਜ ਲੁੱਟ ਮਾਮਲੇ ਦੀ ਮਾਸਟਰਮਾਈਂਡ ਡਾਕੂ ਹਸੀਨਾ ਮਨਦੀਪ ਕੌਰ ਉਰਫ਼ ਮੋਨਾ ਅਤੇ ਉਸਦੇ ਪਤੀ ਨੂੰ ਉਤਰਾਖੰਡ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਇਹ ਵੀ ਜਾਣਕਾਰੀ ਮਿਲੀ ਹੈ ਡਾਕੂ ਹਸੀਨਾ ਮਨਦੀਪ ਕੌਰ ਉਰਫ਼ ਮੋਨਾ ਦਾ ਇਕ ਹੋਰ ਸਾਥੀ ਵੀ ਪੁਲਿਸ ਨੇ ਮਾਨਸਾ ਤੋਂ ਗ੍ਰਿਫ਼ਤਾਰ ਕਰ ਲਿਆ ਹੈ ਜਿਸ ਤੋਂ ਬਾਅਦ ਗ੍ਰਿਫ਼ਤਾਰ ਦੋਸ਼ੀਆਂ ਦੀ ਕੁੱਲ ਗਿਣਤੀ 9 ਹੋ ਗਈ ਹੈ।