ਇਸ ਵੇਲੇ ਦੀ ਅਹਿਮ ਖ਼ਬਰ ਪੰਜਾਬ ਦੇ ਸਰਕਾਰੀ ਸਕੂਲਾਂ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ। ਦਰਅਸਲ, ਹੁਣ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਨਾਂ ਬਦਲਣ ਦੀ ਤਿਆਰੀ ਕੀਤੀ ਜਾ ਰਹੀ ਹੈ ਜਿਸ ਦੀ ਜਾਣਕਾਰੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸ਼ਾਂਝੀ ਕੀਤੀ ਹੈ। ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸੂਬੇ ਵਿਚ ਸਥਿਤ ਅਜਿਹੇ ਸਾਰੇ ਸਰਕਾਰੀ ਸਕੂਲਾਂ ਦੇ ਨਾਂ ਬਦਲਣ ਦੇ ਹੁਕਮ ਜਾਰੀ ਕੀਤੇ ਹਨ, ਜਿਨ੍ਹਾਂ ਦੇ ਨਾਂ ਜਾਤ ਅਤੇ ਬਰਾਦਰੀ ਆਧਾਰਿਤ ਰੱਖੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਸੂਬੇ ਦੇ ਬਹੁਤ ਸਾਰੇ ਸਰਕਾਰੀ ਸਕੂਲਾਂ ਦੇ ਨਾਂ ਕਿਸੇ ਜਾਤ ਬਰਾਦਰੀ ਨਾਲ ਜੋੜ ਕੇ ਰੱਖੇ ਹੋਣ ਸਬੰਧੀ ਕਈ ਮਾਮਲੇ ਉਨ੍ਹਾਂ ਦੇ ਧਿਆਨ ’ਚ ਆਏ ਹਨ, ਜੋ ਮੌਜੂਦਾ ਦੌਰ ’ਚ ਅਸੱਭਿਅਕ ਹੋਣ ਦਾ ਅਹਿਸਾਸ ਕਰਵਾਉਂਦੇ ਹਨ ਅਤੇ ਨਾਲ ਹੀ ਸਮਾਜ ’ਚ ਜਾਤੀ ਵੱਖਰੇਵੇਂ ਨੂੰ ਉਤਸ਼ਾਹਿਤ ਕਰਦੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ’ਚ ਧਰਮ ਨਿਰਪੱਖ ਅਤੇ ਜਾਤ-ਪਾਤ ਤੋਂ ਉਪਰ ਉੱਠ ਕੇ ਸਮੂਹ ਵਿਦਿਆਰਥੀਆਂ ਨੂੰ ਬਰਾਬਰਤਾ ਦੇ ਆਧਾਰ ’ਤੇ ਇਕ ਸਮਾਨ ਸਿੱਖਿਆ ਦਿੱਤੀ ਜਾ ਰਹੀ ਹੈ, ਜਿਸ ਤਹਿਤ ਸਰਕਾਰੀ ਸਕੂਲਾਂ ਦੇ ਨਾਵਾਂ ਨੂੰ ਇਕ ਵਰਗ ਜਾਂ ਜਾਤੀ ਨਾਲ ਸਬੰਧਿਤ ਨਹੀਂ ਕੀਤਾ ਜਾ ਸਕਦਾ।
ਸਿੱਖਿਆ ਮੰਤਰੀ ਪੰਜਾਬ ਨੇ ਕਿਹਾ ਕਿ ਪੰਜਾਬ ਗੁਰੂਆਂ-ਪੀਰਾਂ ਅਤੇ ਮਹਾਨ ਪੈਗੰਬਰਾਂ ਦੀ ਧਰਤੀ ਹੈ, ਜਿਨ੍ਹਾਂ ਨੇ ਮਨੁੱਖਤਾ ਨੂੰ ਜਾਤ-ਪਾਤ ਅਤੇ ਹਰ ਕਿਸਮ ਦੇ ਭੇਦਭਾਵ ਤੋਂ ਦੂਰ ਰਹਿਣ ਦੀ ਸਿੱਖਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਅਨੁਸਾਰ ਵਿਦਿਆਰਥੀਆਂ ਦੇ ਕੋਮਲ ਮਨਾਂ ’ਤੇ ਇਨ੍ਹਾਂ ਨਾਵਾਂ ਦਾ ਡੂੰਘਾ ਅਸਰ ਪੈਂਦਾ ਹੈ ਅਤੇ ਕਈ ਵਾਰ ਬਹੁਤ ਸਾਰੇ ਮਾਪੇ ਵੀ ਆਪਣੇ ਬੱਚਿਆਂ ਨੂੰ ਇਨ੍ਹਾਂ ਨਾਵਾਂ ਕਾਰਨ ਸਰਕਾਰੀ ਸਕੂਲਾਂ ’ਚ ਦਾਖ਼ਲ ਕਰਵਾਉਣ ਤੋਂ ਗੁਰੇਜ਼ ਕਰਦੇ ਹਨ। ਇਸ ਸਬੰਧੀ ਪੰਜਾਬ ਦੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਸੈਕੰਡਰੀ ਸਿੱਖਿਆ ਅਤੇ ਐਲੀਮੈਂਟਰੀ ਸਿੱਖਿਆ ਤੋਂ ਉਨ੍ਹਾਂ ਅਧੀਨ ਖੇਤਰ ’ਚ ਚੱਲ ਰਹੇ ਵੱਖ-ਵੱਖ ਜਾਤੀ ਆਧਾਰਿਤ ਨਾਵਾਂ ਦੇ ਸਕੂਲਾਂ ਦੀ ਰਿਪੋਰਟ ਮੰਗੀ ਗਈ ਹੈ। ਇਸ ਰਿਪੋਰਟ ਦੇ ਮਿਲਣ ਉਪਰੰਤ ਇਨ੍ਹਾਂ ਨਾਵਾਂ ਨੂੰ ਬਦਲਣ ਲਈ ਵਿਭਾਗ ਵੱਲੋਂ ਬਿਨਾਂ ਦੇਰੀ ਕਾਰਵਾਈ ਕਰਨ ਲਈ ਮੁੱਖ ਦਫ਼ਤਰ ਦੇ ਉੱਚ ਅਧਿਕਾਰੀਆਂ ਨੂੰ ਹੁਕਮ ਜਾਰੀ ਕੀਤੇ ਗਏ ਹਨ।