ਪੰਜਾਬ ਦੇ ਸਰਕਾਰੀ ਸਕੂਲਾਂ ’ਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਸੰਸਥਾਵਾਂ ਸਬੰਧੀ ਵਿਸ਼ੇਸ਼ ਜਾਣਕਾਰੀ ਦੇਣ ਲਈ ਵਿਦਿਆਰਥੀਆਂ ਨੂੰ ਇਨ੍ਹਾਂ ਸੰਸਥਾਵਾਂ ਦਾ ਦੌਰਾ ਕਰਵਾਉਣ ਦਾ ਸਕੂਲ ਸਿੱਖਿਆ ਵਿਭਾਗ ਵੱਲੋਂ ਅਹਿਮ ਫ਼ੈਸਲਾ ਕੀਤਾ ਗਿਆ ਹੈ। ਇਸ ਸਬੰਧੀ ਵਿਭਾਗ ਵੱਲੋਂ ਪੰਜਾਬ ਦੇ 3661 ਸਕੂਲਾਂ ਦੇ 73220 ਵਿਦਿਆਰਥੀਆਂ ਲਈ 1.46 ਕਰੋੜ ਰੁਪਏ ਦੀ ਰਾਸ਼ੀ ਵੀ ਜਾਰੀ ਕੀਤੀ ਗਈ ਹੈ। ਸਟੇਟ ਸਿੱਖਿਆ ਖੋਜ ਅਤੇ ਸਿਖਲਾਈ ਪਰਿਸ਼ਦ ਵੱਲੋਂ ਇਸ ਸਬੰਧੀ ਜਾਰੀ ਇਕ ਪੱਤਰ ‘ਚ ਕਿਹਾ ਗਿਆ ਹੈ ਕਿ ਪੰਜਾਬ ਦੇ ਉੱਚ ਸਿੱਖਿਆ ਸੰਸਥਾਵਾਂ ਦੇ ਦੌਰੇ ਲਈ 200 ਰੁਪਏ ਪ੍ਰਤੀ ਵਿਦਿਆਰਥੀ ਦੇ ਹਿਸਾਬ ਨਾਲ ਕੁੱਲ 75000 ਵਿਦਿਆਰਥੀਆਂ ਲਈ ਰਾਸ਼ੀ ਜਾਰੀ ਕੀਤੀ ਗਈ ਹੈ। ਇਹ ਪ੍ਰਤੀ ਵਿਦਿਆਰਥੀ 200 ਰੁਪਏ ਦੀ ਰਾਸ਼ੀ ਵਿਦਿਆਰਥੀਆਂ ਦੀ ਰਿਫ੍ਰੈਸ਼ਮੈਂਟ, ਟਰਾਂਸਪੋਰਟੇਸ਼ਨ ਅਤੇ ਹੋਰ ਖ਼ਰਚਿਆਂ ਲਈ ਵਰਤੀ ਜਾਵੇਗੀ।
ਇਸ ਟਰਿੱਪ ’ਚ ਹਰ ਸਕੂਲ ਦੇ 9ਵੀਂ ਅਤੇ 12ਵੀਂ ਕਲਾਸ ਦੇ ਵਿਦਿਆਰਥੀ (ਪ੍ਰਤੀ ਕਲਾਸ 5 ਵਿਦਿਆਰਥੀ) ਪੰਜਾਬ ਦੀਆਂ ਉੱਚ ਸਿੱਖਿਆ ਸੰਸਥਾਵਾਂ ਦਾ ਦੌਰਾ ਕਰਨਗੇ। ਜ਼ਿਲ੍ਹਾ ਸਿੱਖਿਆ ਅਧਿਕਾਰੀ (ਸੈਕੰਡਰੀ ਸਿੱਖਿਆ) ਵੱਲੋਂ ਮੌਜੂਦਾ ਉੱਚ ਸਿੱਖਿਆ ਸੰਸਥਾਵਾਂ ਜਿਵੇਂ ਕਿ ਯੂਨੀਵਰਸਿਟੀ, ਸਾਇੰਸ ਸਿਟੀ, ਆਈ. ਆਈ. ਟੀ., ਇੰਸਟੀਚਿਊਸ਼ਨ ਆਫ ਹਾਇਰ ਇੰਪਾਰਟੈਂਸ ਆਦਿ ਦੀ ਚੋਣ ਕਰਨਗੇ ਅਤੇ ਵਿਦਿਆਰਥੀਆਂ ਦੀ ਇਸ ਸਟੱਡੀ ਟਰਿੱਪ ਦੀ ਰੂਪ-ਰੇਖਾ ਬਣਾ ਕੇ ਮੁੱਖ ਦਫ਼ਤਰ ਹੈੱਡ ਨਾਲ ਸਾਂਝੀ ਕਰਨਗੇ।