ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਪੰਜਾਬ ‘ਚ ਤਿੰਨ ਦਿਨਾਂ ਦੌਰੇ ‘ਤੇ ਹਨ। ਜਿਥੇ ਅੱਜ ਉਹਨਾਂ ਨੇ ਅੰਮ੍ਰਿਤਸਰ ‘ਚ ਮੁੱਖ ਮੰਤਰੀ ਭਗਵੰਤ ਮਾਨ ਨਾਲ ਮਿਲਕੇ ਕਾਰੋਬਾਰੀਆਂ ਨਾਲ ਮੁਲਾਕਾਤ ਕੀਤੀ ਉਥੇ ਹੀ ਬੀਤੇ ਦਿਨੀਂ ਉਹਨਾਂ ਨੇ ਅੰਮ੍ਰਿਤਸਰ ਦੇ ਛੇਹਰਟਾ ‘ਚ ਸਕੂਲ ਆਫ਼ ਐਮੀਨੈਂਸ ਦਾ ਉਦਘਾਟਨ ਕੀਤਾ ਸੀ। ਸੂਬੇ ਦੇ ਪਹਿਲੇ ਸਕੂਲ ਆਫ਼ ਐਮੀਨੈਂਸ ਦੇ ਉਦਘਾਟਨ ਮਗਰੋਂ ਹੁਣ ਸਿਆਸਤ ਗਰਮਾ ਚੁੱਕੀ ਹੈ। ਵਿਰੋਧੀਆਂ ਦੇ ਨਾਲ-ਨਾਲ ਹੁਣ ਪਾਰਟੀ ਦੇ ਵਿਧਾਇਕ ਵੀ ਇਸ ‘ਤੇ ਸਵਾਲ ਚੁੱਕ ਰਹੇ ਹਨ। ਸਾਬਕਾ ਆਈਜੀ ਤੇ ਅੰਮ੍ਰਿਤਸਰ ਉੱਤਰੀ ਤੋਂ ‘ਆਪ’ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਉਠਾਏ ਹਨ।
ਦਰਅਸਲ ਪੰਜਾਬ ਸਰਕਾਰ ਵੱਲੋਂ ਪਹਿਲਾ ਸਕੂਲ ਆਫ਼ ਐਮੀਨੈਂਸ ਸੂਬੇ ਦੇ ਹਵਾਲੇ ਕੀਤੇ ਜਾਣ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਇੰਦਰਬੀਰ ਸਿੰਘ ਨਿੱਜਰ ਨੇ ਸੋਸ਼ਲ ਮੀਡੀਆ ‘ਤੇ ਪੰਜਾਬ ਸਰਕਾਰ ਦੀ ਇਸ ਕਾਮਯਾਬੀ ‘ਤੇ ਵਧਾਈ ਦਿੱਤੀ, ਉਥੇ ਹੀ ਦੂਜੇ ਪਾਸੇ ਅੰਮ੍ਰਿਤਸਰ ਉੱਤਰੀ ਤੋਂ ‘ਆਪ’ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਇਸ ‘ਤੇ ਸਵਾਲ ਖੜ੍ਹੇ ਕਰ ਦਿੱਤੇ। ਦਰਅਸਲ ਪੰਜਾਬ ਦੇ ਸਾਬਕਾ ਮੰਤਰੀ ਡਾ: ਇੰਦਰਬੀਰ ਸਿੰਘ ਨਿੱਝਰ ਨੇ ਆਪਣੇ ਫੇਸਬੁੱਕ ਅਕਾਊਂਟ ‘ਤੇ ਸਕੂਲ ਆਫ ਐਮੀਨੈਂਸ ਦੇ ਖੁੱਲ੍ਹਣ ‘ਤੇ ਵਧਾਈ ਦਿੱਤੀ। ਉਨ੍ਹਾਂ ਨੇ ਇਸ ਪੋਸਟ ਦੇ ਨਾਲ ਕਈ ਖੂਬਸੂਰਤ ਤਸਵੀਰਾਂ ਵੀ ਸ਼ੇਅਰ ਕੀਤੀਆਂ ਪਰ ਇਸ ਮਗਰੋਂ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਪੋਸਟ ਪਾ ਕੇ ਸਵਾਲ ਖੜ੍ਹੇ ਕਰ ਦਿੱਤੇ।
ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਪੋਸਟ ਵਿੱਚ ਕਿਹਾ – ਡਾਕਟਰ ਸਾਹਬ, ਤੁਹਾਨੂੰ ਵੀ ਬਹੁਤ-ਬਹੁਤ ਵਧਾਈ ਹੋਵੇ ਜੀ, ਇਹ ਸਕੂਲ ਮੈਨੂੰ ਵੀ ਦਿਖਾਓ, ਜੇਕਰ ਇਹ ਨਵਾਂ ਬਣਿਆ ਹੋਵੇ। ਜਿੱਥੋਂ ਤੱਕ ਮੈਨੂੰ ਪਤਾ ਹੈ ਕਿ ਇਹ ਪਹਿਲਾਂ ਹੀ ਇੱਕ ਸ਼ਾਨਦਾਰ ਸਕੂਲ ਹੈ ਤੇ ਪਿਛਲੀਆਂ ਸਰਕਾਰਾਂ ਨੇ ਇਸ ਨੂੰ ਪਹਿਲਾਂ ਹੀ ਸਮਾਰਟ ਸਕੂਲ ਬਣਾ ਦਿੱਤਾ ਸੀ। ਮੈਨੂੰ ਵੀ ਕਈ ਵਾਰ ਇਸ ਸਕੂਲ ਦਾ ਦੌਰਾ ਕਰਨ ਦਾ ਮੌਕਾ ਮਿਲਿਆ ਹੈ।
ਇਹ ਨਿਸ਼ਚਿਤ ਹੈ ਕਿ ਹੁਣ ਕੁਝ ਨਵੀਂ ਮੁਰੰਮਤ ਕੀਤੀ ਗਈ ਹੋਵੇ। ਜਿੱਥੋਂ ਤੱਕ ਮੈਨੂੰ ਪਤਾ ਹੈ, ਸਤਪਾਲ ਡਾਂਗ ਨੇ ਇਸ ਸਕੂਲ ਦਾ ਚਿਹਰਾ ਹੀ ਬਦਲ ਦਿੱਤਾ ਸੀ। ਉਨ੍ਹਾਂ ਦੀ ਭਤੀਜੀ ਮਧੂ ਡਾਂਗ ਨੇ ਹਾਲ ਹੀ ਵਿੱਚ ਇੱਥੇ ਇੱਕ ਸਮਾਗਮ ਕਰਵਾਇਆ ਸੀ, ਜਿਸ ਵਿੱਚ ਮੈਨੂੰ ਵੀ ਹਾਜ਼ਰੀ ਭਰਨ ਦਾ ਮੌਕਾ ਮਿਲਿਆ ਸੀ। ਇਸ ਸਕੂਲ ਦਾ ਨਤੀਜਾ ਬਹੁਤ ਵਧੀਆ ਹੈ, ਮੈਂ ਕਾਫੀ ਸਮੇਂ ਤੋਂ ਦੇਖ ਰਿਹਾ ਹਾਂ। ਅਸੀਂ ਨਵੇਂ ਬਿਹਤਰੀਨ ਸਕੂਲ ਬਣਾਉਣ ਦਾ ਵਾਅਦਾ ਕੀਤਾ ਸੀ। ਕਿਰਪਾ ਕਰਕੇ ਇਸ ਬਾਰੇ ਚਾਨਣਾ ਪਾਓ।