ਇਕ ਪਾਸੇ ਜਿਥੇ ਸਿਆਸੀ ਆਗੂ ਸੁਰੱਖਿਆ ਨਾ ਮਿਲਣ ’ਤੇ ਸਰਕਾਰ ਨਾਲ ਨਾਰਾਜ਼ਗੀ ਵਿਖਾਉਂਦੇ ਹਨ ਉਥੇ ਹੀ ਹੁਣ ਦੂਜੇ ਪਾਸੇ ਕਿਸਾਨ ਕਾਂਗਰਸ ਦੇ ਕੌਮੀ ਕੋਆਰਡੀਨੇਟਰ ਗੁਰਸਿਮਰਨ ਸਿੰਘ ਮੰਡ ਆਪਣੀ ਸੁਰੱਖਿਆ ਤੋਂ ਹੀ ਤੰਗ ਆ ਗਿਆ ਹੈ। ਸੋਸ਼ਲ ਮੀਡੀਆ ਉੱਪਰ ਭੜਕਾਊ ਪ੍ਰਚਾਰ ਕਰਨ ਵਾਲਾ ਮੰਡ ਪਿਛਲੇ ਦੋ ਮਹੀਨਿਆਂ ਤੋਂ ਘਰ ਅੰਦਰ ਹੀ ਨਜ਼ਰਬੰਦ ਹਨ। ਖਾਲਿਸਤਾਨੀਆਂ ਖਿਲਾਫ਼ ਤਿੱਖੀ ਸ਼ਬਦਾਵਲੀ ਵਰਤਣ ਕਰਕੇ ਮੰਡ ਨੂੰ ਧਮਕੀਆਂ ਮਿਲੀਆਂ ਸੀ ਜਿਸ ਮਗਰੋਂ ਉਸ ਦੀ ਸੁਰੱਖਿਆ ਵਧਾ ਦਿੱਤੀ ਗਈ ਸੀ। ਹੁਣ ਗੁਰਸਿਮਰਨ ਮੰਡ ਆਪਣੀ ਸੁਰੱਖਿਆ ਤੋਂ ਦੁਖੀ ਹੋ ਗਿਆ ਹੈ। ਉਸ ਨੇ ਦੇਰ ਰਾਤ ਗਲੀ ਵਿੱਚ ਧਰਨਾ ਲਾ ਦਿੱਤਾ। ਮੰਡ ਨੇ ਚੌਕੀ ਇੰਚਾਰਜ ’ਤੇ ਮਾਰਨ ਦਾ ਦੋਸ਼ ਲਾਇਆ ਹੈ। ਉਸ ਨੇ ਕਿਹਾ ਕਿ ਚੌਕੀ ਇੰਚਾਰਜ ਕਾਰਨ ਸੁਰੱਖਿਆ ਮੁਲਾਜ਼ਮ ਉਸ ਦੀ ਗੱਲ ਨਹੀਂ ਸੁਣ ਰਹੇ। ਉਸ ਨੂੰ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
ਮੰਡ ਨੇ ਡੀਜੀਪੀ ਗੌਰਵ ਯਾਦਵ ਤੋਂ ਮੰਗ ਕੀਤੀ ਹੈ ਕਿ ਚੌਕੀ ਇੰਚਾਰਜ ਗੁਰਮੀਤ ਸਿੰਘ ਦੇ ਮਾਮਲੇ ਦੀ ਜਾਂਚ ਕਰਵਾਈ ਜਾਵੇ। ਦੂਜੇ ਪਾਸੇ ਮੰਡ ਨੇ ਕਿਹਾ ਕਿ ਚੌਕੀ ਇੰਚਾਰਜ ਦੋਗਲੀ ਨੀਤੀ ਅਪਣਾ ਰਹੇ ਹਨ। ਘਰ ਦੇ ਅੰਦਰ ਮੈਨੂੰ ਕੁਝ ਦੱਸਦਾ ਹੈ ਤੇ ਬਾਹਰ ਜਾ ਕੇ ਸੁਰੱਖਿਆ ਕਰਮਚਾਰੀਆਂ ਨੂੰ ਕੁਝ ਹੋ ਕਹਿੰਦਾ ਹੈ। ਮੰਡ ਨੇ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੀ ਸ਼ਿਕਾਇਤ ਕੰਟਰੋਲ ਰੂਮ ਨੂੰ ਵੀ ਦਿੱਤੀ ਹੈ। ਉਹ ਕਰੀਬ 2 ਮਹੀਨਿਆਂ ਤੋਂ ਘਰ ‘ਚ ਨਜ਼ਰਬੰਦ ਹੈ। ਮੰਡ ਨੇ ਪੁਲਿਸ ਨੂੰ ਆਪਣੀ ਸੁਰੱਖਿਆ ਵਾਪਸ ਲੈਣ ਲਈ ਕਿਹਾ ਹੈ। ਦੱਸ ਦਈਏ ਕਿ ਗੁਰਸਿਮਰਨ ਮੰਡ ਆਏ ਦਿਨ ਕਿਸੇ ਨਾ ਕਿਸੇ ਮਾਮਲੇ ਨੂੰ ਲੈ ਕੇ ਪੁਲਿਸ ਨਾਲ ਵਿਵਾਦਾਂ ਵਿੱਚ ਘਿਰਦਾ ਰਹਿੰਦਾ ਹੈ।
ਨਾਲ ਹੀ ਤੁਹਾਨੂੰ ਦਸ ਦਈਏ ਕਿ ਕਰੀਬ 1 ਮਹੀਨਾ ਪਹਿਲਾਂ ਮੰਡ ਨੇ ਇੱਕ ਵੀਡੀਓ ਅਪਲੋਡ ਕੀਤੀ ਸੀ ਕਿ ਉਸ ਨੂੰ 102 ਬੁਖਾਰ ਹੈ ਤੇ ਪੁਲਿਸ ਉਸ ਨੂੰ ਡਾਕਟਰ ਕੋਲ ਨਹੀਂ ਲੈ ਜਾ ਰਹੀ। ਮੰਡ ਨੇ ਕਿਹਾ ਕਿ ਉਸ ਦਾ ਲੜਕਾ ਇਸ ਮਾਮਲੇ ‘ਚ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫਰੰਸ ਕਰਕੇ ਆਇਆ ਸੀ ਪਰ ਉਸ ਦੀ ਕਿਤੇ ਵੀ ਸੁਣਵਾਈ ਨਹੀਂ ਹੋ ਰਹੀ।