ਗਰਮੀਆਂ ਦੇ ਸੀਜ਼ਨ ਦੌਰਾਨ ਬਿਜਲੀ ਦੀ ਬੱਚਤ ਕਰਨ ਲਈ ਪੰਜਾਬ ਸਰਕਾਰ ਦੀ ਪਹਿਲੀ ਪਹਿਲਕਦਮੀ ਤਹਿਤ ਸੂਬੇ ਅਤੇ ਚੰਡੀਗੜ੍ਹ ਵਿੱਚ ਸਥਿਤ ਸਾਰੇ ਸਰਕਾਰੀ ਦਫ਼ਤਰਾਂ ਵਿੱਚ ਸਮਾਂ ਬਦਲ ਦਿੱਤਾ ਗਿਆ ਹੈ। ਇਸ ਦੌਰਾਨ ਪੰਜਾਬ ਭਰ ਦੇ ਸਰਕਾਰੀ ਦਫਤਰਾਂ ਨੇ ਮੰਗਲਵਾਰ ਨੂੰ ਸਵੇਰੇ 7.30 ਵਜੇ ਤੋਂ ਦੁਪਹਿਰ 2 ਵਜੇ ਤੱਕ ਕੰਮ ਕਰਨਾ ਸ਼ੁਰੂ ਕਰ ਦਿੱਤਾ। ਮੁੱਖ ਮੰਤਰੀ ਭਗਵੰਤ ਮਾਨ ਵੀ ਖੁਦ ਸਮੇਂ ਸਿਰ ਦਫਤਰ ਪਹੁੰਚੇ। ਦਸ ਦਈਏ ਕਿ ਦਫ਼ਤਰ ਦਾ ਨਵਾਂ ਸਮਾਂ 15 ਜੁਲਾਈ ਤੱਕ ਲਾਗੂ ਰਹੇਗਾ। ਇਹ ਬਦਲਿਆ ਨਵਾਂ ਸਮਾਂ ਖੇਤਰੀ ਦਫ਼ਤਰਾਂ, ਸਿਵਲ ਸਕੱਤਰੇਤ ਅਤੇ ਹੋਰ ਮੁੱਖ ਦਫ਼ਤਰਾਂ ਸਮੇਤ ਸਾਰੇ ਦਫ਼ਤਰਾਂ ’ਚ ਇਕਸਾਰ ਲਾਗੂ ਹੋਵੇਗਾ। ਇਸ ਆਦੇਸ਼ ਨੂੰ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਲਾਗੂ ਕੀਤਾ ਅਤੇ ਉਹ ਸਮੇਂ ਸਿਰ ਯਾਨੀ ਸਵੇਰੇ 7:30 ਵਜੇ ਆਪਣੇ ਦਫ਼ਤਰ ਪਹੁੰਚੇ। ਇੰਨਾਂ ਹੀ ਨਹੀਂ ਮੁੱਖ ਮੰਤਰੀ ਦੇ ਨਿਰਦੇਸ਼ਾਂ ਮੁਤਾਬਕ ਅੱਜ ਸਰਕਾਰੀ ਅਧਿਕਾਰੀ ਵੀ ਨਵੇਂ ਤੈਅ ਕੀਤੇ ਸਮੇਂ ਅਨੁਸਾਰ ਦਫ਼ਤਰ ਪਹੁੰਚੇ ਹਨ।
ਮੁੱਖ ਮੰਤਰੀ ਨੇ ਲਾਈਵ ਹੋ ਕੇ ਦੱਸਿਆ ਕਿ ਸਾਡੀ ਸਰਕਾਰ ਵਲੋਂ ਇਹ ਇਕ ਨਵੇਕਲੀ ਪਹਿਲ ਕੀਤੀ ਗਈ ਹੈ। ਜਿਸ ਨਾਲ ਬਹੁਤ ਫਾਇਦੇ ਹੋਣਗੇ ਤੇ ਇਸ ਪਹਿਲ ‘ਚ ਮੈਂ ਪੰਜਾਬ ਦੇ ਲੋਕਾਂ ਦੇ ਸਾਥ ਦੀ ਵੀ ਉਮੀਦ ਕਰਦਾ ਹਾਂ। ਮੁੱਖ ਮੰਤਰੀ ਨੇ ਇਸ ਦੇ ਨਾਲ ਹੀ ਕਿਹਾ ਕਿ ਠੰਡੇ-ਠੰਡੇ ਦਫ਼ਤਰਾਂ ਵਿਚ ਕੰਮ ਹੋ ਜਾਵੇ ਤਾਂ ਬਹੁਤ ਵਧੀਆ ਗੱਲ ਹੈ। ਅੱਜ 7.30 ਵਜੇ ਤੋਂ ਲੈ ਕੇ 2.00 ਵਜੇ ਤੱਕ ਸਰਕਾਰੀ ਮੁਲਾਜ਼ਮ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ‘ਚ ਗਰਮੀ ਬਹੁਤ ਜ਼ਿਆਦਾ ਵੱਧਣ ਦੇ ਚਾਂਸ ਹਨ। ਮੁੱਖ ਮੰਤਰੀ ਨੇ ਕਿਹਾ ਕਿ 7.30 ਵਜੇ ਦਫ਼ਤਰ ਖੁੱਲ੍ਹਣਗੇ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਸ ਤੋਂ ਪਹਿਲਾਂ ਦਫ਼ਤਰਾਂ ਦਾ ਸਮਾਂ 9.00 ਤੋਂ 5.00 ਸੀ। ਇਹ ਦੇਸ਼ਾਂ-ਵਿਦੇਸ਼ਾਂ ਵਿਚ ਹੁੰਦਾ ਰਿਹਾ ਹੈ, ਅੱਜ ਵੀ ਹੋ ਰਿਹਾ ਹੈ। ਫਰਕ ਇਹ ਹੈ ਕਿ ਉਹ ਆਪਣੀਆਂ ਘੜੀਆਂ ਦਾ ਟਾਈਮ ਚੇਂਜ ਕਰ ਲੈਂਦੇ ਹਨ। ਆਪਣਾ ਦੇਸ਼ ਇਕੋ ਟਾਈਮ ਜ਼ੋਨ ਵਿਚ ਹੈ ਪਰ ਅਸੀਂ ਉਹ ਨਹੀਂ ਕਰ ਸਕਦੇ। ਅਸੀਂ ਦਫ਼ਤਰ ਦੇ ਟਾਈਮ ਨੂੰ ਚੇਂਜ ਕਰ ਸਕਦੇ ਹਾਂ। ਨਾਲ-ਨਾਲ ਅਸੀਂ ਸਕੂਲਾਂ ਦੇ ਬੱਚਿਆਂ ਦੀ ਟਾਈਮ ਸੈੱਟ ਕੀਤੀ ਹੈ। ਬੱਚਿਆਂ ਅਤੇ ਮੁਲਾਜ਼ਮਾਂ ਨੂੰ 2 ਵਜੇ ਛੁੱਟੀ ਹੋ ਰਹੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਇਕ ਨਾਲ ਬਿਜਲੀ ਦੀ ਬਚਤ ਹੋਵੇਗੀ। ਬਿਜਲੀ ਇਕ ਵੱਡਾ ਮੁੱਦਾ ਹੈ। ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਇਹ ਨਹੀਂ ਕਿ ਪੰਜਾਬ ‘ਚ ਬਿਜਲੀ ਦੀ ਕਮੀ ਹੈ ਪਰ ਸਾਡਾ ਮਕਸਦ ਹੈ ਕਿ ਸੂਰਜ ਦੀ ਰੌਸ਼ਨੀ ਨੂੰ ਜ਼ਿਆਦਾ ਵਰਤੋਂ ਵਿਚ ਲਿਆਉਣਾ। ਸਮੇਂ ਦੇ ਬਦਲਾਅ ਨਾਲ ਸਰਕਾਰੀ ਦਫ਼ਤਰਾਂ ਵਿਚ 350 ਮੈਗਾਵਾਟ ਬਿਜਲੀ ਦੀ ਬਚਤ ਘੱਟ ਹੋਵੇਗੀ।