ਪਿਛਲੇ ਦਿਨੀਂ ਫਗਵਾੜਾ ਵਿਖੇ ਲੁਟੇਰਿਆਂ ਵੱਲੋਂ ਗੋਲ਼ੀਆਂ ਮਾਰ ਕੇ ਪੰਜਾਬ ਪੁਲਿਸ ਦੇ ਕਾਂਸਟੇਬਲ ਕੁਲਦੀਪ ਸਿੰਘ ਬਾਜਵਾ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ। ਅੱਜ ਮੁੱਖ ਮੰਤਰੀ ਭਗਵੰਤ ਮਾਨ ਗੁਰਦਾਸਪੁਰ ਵਿਖੇ ਪੁਹੰਚੇ ਅਤੇ ਉਹਨਾਂ ਨੇ ਸ਼ਹੀਦ ਕਾਂਸਟੇਬਲ ਕੁਲਦੀਪ ਸਿੰਘ ਬਾਜਵਾ ਦੇ ਪਰਿਵਾਰ ਨਾਲ ਮੁਲਾਕਾਤ ਕਰਕੇ ਦੁੱਖ ਸਾਂਝਾ ਕੀਤਾ ਹੈ। ਇਸ ਦਰਮਿਆਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਸ਼ਹੀਦ ਕਾਂਸਟੇਬਾਲ ਕੁਲਦੀਪ ਸਿੰਘ ਬਾਜਵਾ ਦੇ ਪਰਿਵਾਰ ਨੂੰ ਐਲਾਨ ਮੁਤਾਬਕ 1 ਕਰੋੜ ਦੀ ਰਾਸ਼ੀ ਦਾ ਚੈੱਕ ਦੇ ਦਿੱਤਾ ਅਤੇ ਪੰਜਾਬ ਪੁਲਿਸ ਦੀ ਇੰਸ਼ਿਓਰੈਸ ਪਾਲਿਸੀ ਜਿਹੜੀ ਐਚ.ਡੀ.ਐਫ.ਸੀ ਬੈਂਕ ਦੇ ਨਾਲ ਹੈ, ਉਸ ਬੈਂਕ ਵਲੋਂ 1 ਕਰੋੜ ਰੁਪਿਆ, ਕੁੱਲ 2 ਕਰੋੜ ਰੁਪਏ ਦੀ ਆਰਥਿਕ ਸਹਾਇਤਾ ਦੇਕੇ ਆਏ ਹਾਂ। ਨਾਲ ਹੀ ਉਹਨਾਂ ਕਿਹਾ ਕਿ ਕੁਲਦੀਪ ਦੀ ਜਾਨ ਦੀ ਕੋਈ ਕੀਮਤ ਨਹੀਂ, ਨਾ ਹੀ ਇਸਦੇ ਨਾਲ ਉਹ ਵਾਪਸ ਆਵੇਗਾ ਪਰ ਇਸਦੇ ਨਾਲ ਪਰਿਵਾਰ ਨੂੰ ਆਰਥਿਕ ਪੱਖੋਂ ਕੁਝ ਸਹਾਇਤਾ ਮਿਲੇਗੀ।
ਮੁੱਖ ਮੰਤਰੀ ਮਾਨ ਨੇ ਇਹ ਵੀ ਐਲਾਨ ਕੀਤਾ ਹੈ ਕਿ ਸ਼ਹੀਦ ਕੁਲਦੀਪ ਸਿੰਘ ਦੇ ਨਾਂ ‘ਤੇ ਇਕ ਸਟੇਡੀਅਮ ਬਣਾਉਣ ਦਾ ਫੈਸਲਾ ਕੀਤਾ ਹੈ ਅਤੇ ਡੀ.ਸੀ. ਨੂੰ ਵੀ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ ਕਿ ਕਸਬੇ ਨੂੰ ਆਉਂਦੀ ਸੜਕ ਨੂੰ ਸ਼ਹੀਦ ਕੁਲਦੀਪ ਸਿੰਘ ਮਾਰਗ ਦੇ ਨਾਂ ‘ਤੇ ਰੱਖਿਆ ਜਾਵੇਗਾ।
ਇਥੇ ਦਸ ਦਈਏ ਕਿ ਬੀਤੇ ਕੁਝ ਦਿਨ ਪਹਿਲਾਂ ਫਗਵਾੜਾ ‘ਚ ਲੁਟੇਰਿਆਂ ਵੱਲੋਂ ਪੁਲਸ ਮੁਲਾਜ਼ਮ ਕੁਲਦੀਪ ਸਿੰਘ ਬਾਜਵਾ ‘ਤੇ ਤਾਬੜ-ਤੋੜ ਗੋਲੀਆਂ ਚਲਾ ਦਿੱਤੀਆਂ ਸੀ ਜਿਸ ਦੌਰਾਨ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ ਸੀ। ਜ਼ਿਕਰਯੋਗ ਹੈ ਕਿ ਐਤਵਾਰ ਦੇਰ ਰਾਤ ਘਟਨਾ ਸਮੇਂ ਥਾਣਾ ਸਿਟੀ ਦੇ ਐੱਸਐੱਚਓ ਅਮਨਦੀਪ ਨਾਹਰ ਦੇ ਗੰਨਮੈਨ ਕੁਲਦੀਪ ਬਾਜਵਾ ਕਰੇਟਾ ਗੱਡੀ ਲੁੱਟਣ ਵਾਲੇ ਗੈਂਗਸਟਰਾਂ ਦਾ ਪਿੱਛਾ ਕਰ ਰਹੇ ਸਨ। ਲੁਟੇਰਿਆਂ ਨੇ ਉਸ ‘ਤੇ ਗੋਲੀਆਂ ਚਲਾ ਦਿੱਤੀਆਂ ਸੀ। ਨਾਲ ਹੀ ਫਗਵਾੜਾ ਪੁਲਿਸ ਨੇ ਇਸ ਦੀ ਸੂਚਨਾ ਫਿਲੌਰ ਪੁਲਿਸ ਨੂੰ ਦਿੱਤੀ ਗਈ ਅਤੇ ਫਿਰ ਫਿਲੌਰ ‘ਚ ਨਾਕਾਬੰਦੀ ‘ਤੇ ਬੈਠੀ ਪੁਲਿਸ ਦਾ ਗੈਂਗਸਟਰਾਂ ਨਾਲ ਮੁਕਾਬਲਾ ਹੋਇਆ। ਦੋਵਾਂ ਪਾਸਿਆਂ ਤੋਂ ਜ਼ਬਰਦਸਤ ਗੋਲੀਬਾਰੀ ਹੋਈ। ਇਸ ਗੋਲੀਬਾਰੀ ਵਿੱਚ ਤਿੰਨ ਗੈਂਗਸਟਰ ਗੋਲੀਆਂ ਦਾ ਸ਼ਿਕਾਰ ਹੋਏ ਸਨ। ਗੋਲੀਬਾਰੀ ਤੋਂ ਬਾਅਦ ਪੁਲਿਸ ਨੇ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਦਕਿ ਉਸ ਦਾ ਇੱਕ ਚੌਥਾ ਸਾਥੀ ਹਨੇਰੇ ਦਾ ਫਾਇਦਾ ਚੁੱਕ ਕੇ ਭੱਜਣ ਵਿਚ ਕਾਮਯਾਬ ਹੋਇਆ ਸੀ।