ਫਰਾਰ ਚੱਲ ਰਹੇ ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਨੂੰ ਅੰਮ੍ਰਿਤਸਰ ਏਅਰਪੋਰਟ ‘ਤੇ ਰੋਕਣ ਨੂੰ ਲੈਕੇ ਸ੍ਰੀ ਅਕਾਲ ਤਖ਼ਥ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਬੀਤੇ ਕੱਲ੍ਹ ਪ੍ਰਤੀਕਰਮ ਸਾਹਮਣੇ ਆਇਆ ਸੀ। ਜਿਸ ਵਿਚ ਉਹਨਾਂ ਦੇ ਅਧਿਕਾਰੀਆਂ ਅਤੇ ਸਰਕਾਰ ਦੇ ਇਸ ਕਦਮ ਦੀ ਨਿੰਦਾ ਕੀਤੀ ਸੀ। ਜਿਸ ਤੋਂ ਬਾਅਦ ਹੁਣ ਸਿਆਸਤ ਭਖਣੀ ਸ਼ੁਰੂ ਹੋ ਗਈ ਹੈ।
ਜਥੇਦਾਰ ਦੇ ਬਿਆਨ ‘ਤੇ ਲੁਧਿਆਣਾ ਤੋਂ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਭੜਕਦੇ ਹੋਏ ਵਿਖਾਈ ਦਿੱਤੇ ਹਨ। ਉਹਨਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਸਵਾਲ ਪੁੱਛਦਿਆਂ ਕਿਹਾ ਕਿ ਅਜਾਇਬ ਘਰ ਵਿਖੇ ਦੇਸ਼ ਨੂੰ ਤੋੜਨ ਵਾਲਿਆਂ ਅਤੇ ਖਾਲਿਸਤਾਨ ਸਮਰਥਕਾਂ ਦੀਆਂ ਤਸਵੀਰਾਂ ਲਗਾਈਆਂ ਜਾ ਸਕਦੀਆਂ ਹਨ ਤਾਂ ਦੇਸ਼ ਲਈ ਸ਼ਹੀਦ ਹੋਏ ਜਵਾਨਾਂ ਦੀਆਂ ਤਸਵੀਰਾਂ ਕਿਉਂ ਨਹੀਂ ਲਗਾਈਆਂ ਜਾਂਦੀਆਂ?
ਇਸ ਦੇ ਨਾਲ ਹੀ ਰਵਨੀਤ ਬਿੱਟੂ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਖਾਲਿਸਤਾਨ ਦੀ ਗੱਲ ਕਰਨ ਵਾਲਿਆਂ ਲਈ ਅਤੇ ਅੰਮ੍ਰਿਤਪਾਲ ਲਈ ਬੋਲਦੇ ਹਨ ਪਰ ਦੇਸ਼ ਲਈ ਸ਼ਹੀਦ ਹੋਣ ਵਾਲਿਆਂ ਲਈ ਕਿਉਂ ਨਹੀਂ ਬੋਲੇ ? ਕੀ ਉਹ ਸ਼ਹੀਦ ਪੰਜਾਬ ਦੇ ਫੌਜੀ ਨਹੀਂ ਹਨ। ਬਾਰਡਰ ‘ਤੇ ਜੇ ਫੌਜੀ ਨਾ ਹੋਣ ਤਾਂ ਪਾਕਿਸਤਾਨ ਅਤੇ ਚੀਨ ਚੁੱਕ ਕੇ ਲੈ ਜਾਣਗੇ। ਰਵਨੀਤ ਬਿੱਟੂ ਨੇ ਕਿਹਾ ਕਿ ਜਦੋਂ ਅੰਮ੍ਰਿਤਪਾਲ ਦੀ ਪਤਨੀ ਨੂੰ ਏਅਰਪੋਰਟ ‘ਤੇ ਰੋਕਿਆ ਗਿਆ ਤਾਂ ਐਸਜੀਪੀਸੀ ਅਤੇ ਜਥੇਦਾਰਾਂ ਨੇ ਬਿਆਨ ਦਿੱਤੇ, ਤਿੰਨ ਦਿਨਾਂ ਤੋਂ ਇਨ੍ਹਾਂ ਸ਼ਹੀਦ ਫੌਜੀਆਂ ਦੇ ਹੱਕ ਵਿੱਚ ਕੋਈ ਬਿਆਨ ਨਹੀਂ ਆਇਆ, ਕੀ ਇਹ ਪੰਜਾਬ ਦੇ ਸਿੱਖ ਨਹੀਂ ਹਨ ? ਉਨ੍ਹਾਂ ਲਈ ਉਹ ਉਦਾਸ ਕਿਉਂ ਨਹੀਂ ਹੁੰਦੇ?