‘ਇੱਕ ਦੇਸ਼, ਇੱਕ ਚੋਣ’ ਲਾਗੂ ਕਰਨ ਦੇ ਕੇਂਦਰ ਵਲੋਂ ਲਏ ਫੈਸਲੇ ਨੂੰ ਲੈਕੇ ਸਿਆਸਤ ਲਗਾਤਾਰ ਭੱਖਦੀ ਜਾ ਰਹੀ ਹੈ। ਕੇਂਦਰ ਦੀ ਭਾਜਪਾ ਸਰਕਾਰ ਦੇ ਇਸ ਫੈਸਲੇ ਦਾ ਜਿਥੇ ਵਿਰੋਧੀ ਪਾਰਟੀਆਂ ਵਿਰੋਧ ਕਰ ਰਹੀਆਂ ਹਨ। ਉਥੇ ਹੀ ਭਾਜਪਾ ਦੀ ਪੁਰਾਣੀ ਭਾਈਵਾਲ ਪਾਰਟੀ ਇਕ ਵਾਰ ਫਿਰ ਉਸਦੇ ਹੱਕ ‘ਚ ਨਿਤਰਦੀ ਹੋਈ ਵਿਖਾਈ ਦਿੱਤੀ ਹੈ। ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ‘ਵਨ ਨੇਸ਼ਨ, ਵਨ ਇਲੈਕਸ਼ਨ’ ਦੇ ਕੇਂਦਰ ਦੇ ਫੈਸਲੇ ਨੂੰ ਸਹੀ ਦੱਸਿਆ ਹੈ। ਉਹਨਾਂ ਕਿਹਾ ਕਿ ਪਾਰਲੀਮੈਂਟ ਅਤੇ ਐਮ.ਐਲ.ਏ. ਦੇ ਇਲੈਕਸ਼ਨ ਇਕੋ ਸਮੇਂ ਹੋਣੇ ਚਾਹੀਦੇ ਹਨ ਅਤੇ ਮੈਂ ਇਸਦੇ ਹੱਕ ‘ਚ ਹਾਂ।
ਉਥੇ ਹੀ ਸਰਕਾਰੀ ਮੁਲਾਜ਼ਮਾਂ ‘ਤੇ ਐਸਮਾ ਲਾਗੂ ਕਰਨ ‘ਤੇ ਸੁਖਬੀਰ ਬਾਦਲ ਨੇ ਕਿਹਾ ਕਿ ਅਸਲ ‘ਚ ESMA ਮੁੱਖ ਮੰਤਰੀ ‘ਤੇ ਲੱਗਣਾ ਚਾਹੀਦਾ ਹੈ ਤਾਂ ਜੋ ਉਹ ਪੰਜਾਬ ‘ਚ ਰਹਿ ਕੇ ਕੰਮ ਕਰ ਸਕਣ।
ਉਥੇ ਹੀ ਪੰਚਾਇਤਾਂ ਭੰਗ ਕਰਨ ਦੇ ਭਖੇ ਮੁੱਦੇ ‘ਤੇ ਬਾਦਲ ਨੇ ਕਿਹਾ ਕਿ ਹਾਈਕੋਰਟ ਵਲੋਂ ਆਏ ਜਵਾਬ ਨਾਲ ਸਰਕਾਰ ਦੇ ਮੂੰਹ ‘ਤੇ ਚਪੇੜ ਵੱਜੀ ਹੈ।
ਜ਼ਿਕਰ ਕਰ ਦਈਏ ਕਿ ਇਸ ਮੁੱਦੇ ਨੂੰ ਲੈ ਕੇ ਵਿਰੋਧੀ ਧਿਰ ਭਾਰਤੀ ਜਨਤਾ ਪਾਰਟੀ ਨੂੰ ਲਗਾਤਾਰ ਘੇਰ ਰਹੀ ਹੈ ਪਰ ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦਾ ਇਸ ਵੱਲੋਂ ਖੁੱਲ੍ਹ ਕੇ ਸਮਰਥਣ ਕੀਤਾ ਗਿਆ ਹੈ ਜਿਸ ਤੋਂ ਮੁੜ ਤੋਂ ਇਹ ਕਿਆਸਰਾਈਆਂ ਦਾ ਬਾਜ਼ਾਰ ਗਰਮ ਹੋ ਗਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਭਾਰਤੀ ਜਨਤਾ ਪਾਰਟੀ ਨਾਲ ਸਮਝੌਤਾ ਹੋ ਸਕਦਾ ਹੈ।