ਪਟਿਆਲਾ: ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੇ ਬਰਨਾਵਾ ਤੋਂ ਆਨਲਾਈਨ ਗੁਰੂਕੁਲ ਪ੍ਰੋਗਰਾਮ ਤਹਿਤ ਯੂਟਿਊਬ ਰਾਹੀਂ ਸਤਿਸੰਗ ਕੀਤਾ। ਇਸ ਦੌਰਾਨ ਪਟਿਆਲਾ ਵਿਖੇ ਵੱਡੀ ਗਿਣਤੀ ਡੇਰਾ ਪੈਰੋਕਾਰਾਂ ਤੋਂ ਇਲਾਵਾ ਪਟਿਆਲਾ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ, ਵੱਖ-ਵੱਖ ਸ਼ਹਿਰਾਂ ਦੇ ਐੱਮਸੀ ਵੀ ਪੁੱਜੇ।
ਇਸ ਮੌਕੇ ਮੇੇਅਰ ਸੰਜੀਵ ਸ਼ਰਮਾ ਬਿੱਟੂ ਡੇਰਾ ਮੁਖੀ ਰਾਮ ਰਹੀਮ ਅੱਗੇ ਹੱਥ ਜੋੜ ਖੜੇ ਵਿਖਾਏ ਦਿੱਤੇ ਹਨ ਅਤੇ ਉਹਨਾਂ ਨਾਲ ਗੱਲਬਾਤ ਕਰਦਿਆਂ ਮੇੇਅਰ ਸੰਜੀਵ ਬਿੱਟ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਪੈਰੋੋਕਾਰਾਂ ਤੇ ਸੇਵਾਦਾਰਾਂ ਨੇ ਕੋਰੋਨਾ ਕਾਲ ਦੌਰਾਨ ਬਹੁਤ ਸੇਵਾ ਕੀਤੀ। ਡੇਰਾ ਸ਼ਰਧਾਲੂਆਂ ਵੱਲੋਂ ਕੀਤੀ ਗਈ ਸੇਵਾ ਲਈ ਉਨ੍ਹਾਂ ਪੂਰੇ ਨਗਰ ਨਿਗਮ ਵੱਲੋਂ ਡੇਰਾ ਮੁਖੀ ਅਤੇ ਸੰਗਤ ਦਾ ਤਹਿ ਦਿਲੋਂ ਧੰਨਵਾਦ ਕੀਤਾ। ਨਾਲ ਹੀ ਬਿੱਟੂ ਕਿਹਾ ਕਿ ਉਹ ਆਉਣ ਵਾਲੇ ਸਮੇਂ ਵਿੱਚ ਪੈਰੋਕਾਰਾਂ ਨਾਲ ਮਿਲ ਕੇ ਨਸ਼ੇ ਦੇ ਖਾਤਮੇ, ਵਾਤਾਵਰਣ ਤੇ ਮਨੁੱਖਤਾ ਦੀ ਭਲਾਈ ਲਈ ਕੰਮ ਕਰਦੇ ਰਹਿਣਗੇ।
ਇਥੇ ਦੱਸਣਾ ਬਣਦਾ ਹੈ ਕਿ ਮੇਅਰ ਸੰਜੀਵ ਸ਼ਰਮਾ ਬਿੱਟੂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਜ਼ਦੀਕੀਆਂ ਵਿਚੋਂ ਇਕ ਹਨ। ਕੈਪਟਨ ਅਮਰਿੰਦਰ ਸਿੰਘ ਦੇ ਨਾਲ ਮੇਅਰ ਬਿੱਟੂ ਵੀ ਆਪਣੇ ਸਾਥੀ ਕੌਂਸਲਰਾਂ ਸਮੇਤ ਕਾਂਗਰਸ ਛੱਡ ਕੇ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋ ਚੁੱਕੇ ਹਨ ਅਤੇ ਹੁਣ ਮੇਅਰ ਵਲੋਂ ਡੇਰਾ ਸਿਰਸਾ ਦੇ ਸਤਿਸੰਗ ‘ਚ ਕੀਤੀ ਗਈ ਸ਼ਿਰਕਤ ਨੇ ਸਿਆਸੀ ਗਲਿਆਰਿਆਂ ਵਿਚ ਨਵੀਂ ਚਰਚਾ ਛੇੜ ਦਿੱਤੀ ਹੈ।