2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਇਲੈਕਸ਼ਨ ਕਮਿਸ਼ਨ ਦੇ ਨਿਯਮਾਂ ਨੂੰ ਛਿੱਕੇ ਟੰਗਕੇ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦੇ ਮਾਮਲੇ ਵਿਚ ਪੰਜਾਬ ਹਰਿਆਣਾ ਹਾਈਕੋਰਟ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਲੀਡਰ ਚਰਨਜੀਤ ਚੰਨੀ ਨੂੰ ਵੱਡੀ ਰਾਹਤ ਦਿੱਤੀ ਹੈ। ਦਰਅਸਲ, ਹਾਈਕੋਰਟ ਨੇ ਮਾਨਸਾ ਅਦਾਲਤ ਦੇ ਪ੍ਰੋਸੀਡਿੰਗ ’ਤੇ ਅਗਲੇ ਹੁਕਮਾਂ ਤੱਕ ਸਟੇਅ ਲਗਾ ਦਿੱਤਾ ਹੈ। ਇਥੇ ਦਸ ਦਈਏ ਕਿ ਚੰਨੀ ਨੂੰ 12 ਜਨਵਰੀ ਨੂੰ ਮਾਨਸਾ ਦੀ ਅਦਾਲਤ ਪੇਸ਼ ਹੋਣ ਦੇ ਹੁਕਮ ਸਨ ਪਰ ਹੁਣ ਹਾਈਕੋਰਟ ਨੇ ਵੱਡੀ ਰਾਹਤ ਦਿੰਦਿਆਂ ਮਾਨਸਾ ਅਦਾਲਤ ਦੇ ਪ੍ਰੋਸੀਡਿੰਗ ’ਤੇ ਅਗਲੇ ਹੁਕਮਾਂ ਤੱਕ ਸਟੇਅ ਲਗਾ ਦਿੱਤੀ ਹੈ। ਮਾਨਸਾ ਅਦਾਲਤ ਵਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਸੰਮਨ ਜਾਰੀ ਕੀਤਾ ਗਿਆ ਸੀ। ਪੁਲਸ ਵਲੋਂ ਦਿੱਤੇ ਸੰਮਨ ਨੂੰ ਚੰਨੀ ਨੇ ਰਸੀਵ ਵੀ ਕਰ ਲਿਆ ਸੀ। ਅਮਰੀਕਾ ਤੋਂ ਪਰਤਣ ਤੋਂ ਬਾਅਦ ਚੰਨੀ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਘਰ ਰਾਤ ਰੁਕੇ ਸਨ। ਇਸ ਦੌਰਾਨ ਪੁਲਸ ਨੇ ਉਨ੍ਹਾਂ ਨੂੰ ਇਹ ਸੰਮਨ ਦਿੱਤੇ ਸਨ।
ਦਰਅਸਲ ਚਰਨਜੀਤ ਚੰਨੀ ਅੱਠ ਮਹੀਨੇ ਬਾਅਦ ਹਾਲ ਹੀ ਵਿਚ ਵਿਦੇਸ਼ੋਂ ਪਰਤੇ ਸਨ। ਚੰਨੀ ਨੇ ਆਖਿਆ ਸੀ ਕਿ ਉਹ ਪੀ. ਐੱਚ. ਡੀ. ਦੀ ਪੜ੍ਹਾਈ ਅਤੇ ਅੱਖਾਂ ਦੇ ਇਲਾਜ ਲਈ ਵਿਦੇਸ਼ ਗਏ ਸਨ। ਦੇਸ਼ ਵਾਪਸੀ ’ਤੇ ਉਨ੍ਹਾਂ ਨੇ ਨਵੀਂ ਦਿੱਲੀ ਵਿਚ ਸਭ ਤੋਂ ਪਹਿਲਾਂ ਪ੍ਰਿਯੰਕਾ ਗਾਂਧੀ ਨਾਲ ਹਿਮਾਚਲ ਪ੍ਰਦੇਸ਼ ਵਿਚ ਪਾਰਟੀ ਦੀ ਜਿੱਤ ’ਤੇ ਮੁਲਾਕਾਤ ਕੀਤੀ ਅਤੇ ਵਧਾਈ ਦਿੱਤੀ। ਇਸ ਤੋਂ ਬਾਅਦ ਚੰਨੀ ਨੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਕਈ ਸੀਨਅਰ ਆਗੂਆਂ ਨਾਲ ਵੀ ਮੁਲਾਕਾਤ ਕੀਤੀ ਸੀ। ਇਸ ਤੋਂ ਬਾਅਦ ਉਹ ਪੰਜਾਬ ਆਏ ਅਤੇ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਅਫਸੋਸ ਕਰਨ ਗਏ, ਜਿੱਥੇ ਉਨ੍ਹਾਂ ਨੂੰ ਪੁਲਸ ਨੇ ਇਹ ਸੰਮਨ ਦਿੱਤੇ ਸਨ।