ਪੰਜਾਬ ਦੀ ਸਿਆਸਤ ‘ਚ ਲੰਮਾ ਸਮਾਂ ਰਹਿਣ ਵਾਲੇ ਅਤੇ ਰਾਜਨੀਤੀ ਦੇ ਬਾਬਾ ਬੋਹੜ ਕਹੇ ਜਾਣ ਵਾਲੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਅੰਤਿਮ ਸੰਸਕਾਰ ਕੱਲ੍ਹ ਯਾਨੀ 27 ਅਪ੍ਰੈਲ ਉਹਨਾਂ ਦੇ ਜੱਦੀ ਪਿੰਡ ਬਾਦਲ ਵਿਖੇ ਹੋਵੇਗਾ। ਇਸ ਤੋਂ ਪਹਿਲਾਂ ਉਨ੍ਹਾਂ ਦੀ ਮ੍ਰਿਤਕ ਦੇਹ ਚੰਡੀਗੜ੍ਹ ਤੋਂ ਅੰਤਿਮ ਯਾਤਰਾ ਲਈ ਰਵਾਨਾ ਹੁੰਦੀ ਰਾਜਪੁਰਾ, ਪਟਿਆਲਾ ਅਤੇ ਸੰਗਰੂਰ ਤੋਂ ਵਾਇਆ ਬਠਿੰਡਾ ਪਹੁੰਚੇਗੀ। ਜਿਸ ਤੋਂ ਬਾਅਦ ਉਹਨਾਂ ਦੀ ਮ੍ਰਿਤਕ ਦੇਹ ਪਿੰਡ ਬਾਦਲ ਵਿਖੇ ਰੱਖੀ ਜਾਵੇਗੀ।
ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਅੰਤਿਮ ਸੰਸਕਾਰ ਉਹਨਾਂ ਦੇ ਹੱਥੀ ਤਿਆਰ ਕੀਤੇ ਗਏ ਬਾਗ ਵਿਚ ਕੀਤਾ ਜਾਵੇਗਾ ਜਿਸ ਲਈ 2 ਏਕੜ ਦਾ ਬਾਗ ਖਾਲ੍ਹੀ ਕਰਵਾਇਆ ਜਾ ਰਿਹਾ ਹੈ। ਜਿਸ ‘ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਅੰਤਿਮ ਸਸਕਾਰ ਮੌਕੇ ਉਨ੍ਹਾਂ ਦੇ ਜੱਦੀ ਪਿੰਡ ਪਹੁੰਚਣਗੇ। ਦਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਸਾਬਕਾ ਮੁੱਖ ਮੰਤਰੀ ਬਾਦਲ ਦੇ ਅੰਤਿਮ ਦਰਸ਼ਨਾਂ ਲਈ ਨਹੀਂ ਪਹੁੰਚ ਪਾਏ ਜਿਸ ਕਾਰਨ ਉਹ ਕੱਲ੍ਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਅੰਤਿਮ ਸਸਕਾਰ ਮੌਕੇ ਪਹੁੰਚਣਗੇ।
ਇਸੇ ਨਾਲ ਹੀ ਤੁਹਾਨੂੰ ਦਸ ਦਈਏ ਕਿ ਬੀਤੇ ਕੱਲ੍ਹ ਪੰਜਾਬ ਕੈਬਨਿਟ ਦੀ ਹੋਣ ਵਾਲੀ ਮੀਟਿੰਗ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਸਾਬਕਾ ਮੁੱਖ ਮੰਤਰੀ ਬਾਦਲ ਦੇ ਅੰਤਿਮ ਸੰਸਕਾਰ ਅਤੇ ਉਹਨਾਂ ਦੇ ਦੇਹਾਂਤ ਕਾਰਨ ਕੀਤੀ ਸਰਕਾਰੀ ਛੁੱਟੀ ਕਰਕੇ ਕੱਲ੍ਹ ਹੋਣ ਵਾਲੀ ਮੀਟਿੰਗ ਹੁਣ 28 ਅਪ੍ਰੈਲ ਨੂੰ ਹੋਵੇਗੀ।
ਦਸਣਯੋਗ ਹੈ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੋ ਲੰਬੇ ਸਮੇਂ ਤੋਂ ਬਿਮਾਰ ਸਨ, ਉਨ੍ਹਾਂ ਦਾ 95 ਸਾਲ ਦੀ ਉਮਰ ‘ਚ ਮੁਹਾਲੀ ਦੇ ਫੋਰਟਿਸ ਹਸਪਤਾਲ ‘ਚ ਦੇਹਾਂਤ ਹੋ ਗਿਆ ਸੀ। ਅੱਜ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਪਾਰਟੀ ਦਫ਼ਤਰ ਲਿਆਂਦਾ ਗਿਆ। ਜਿੱਥੇ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ, ਓਮ ਪ੍ਰਕਾਸ਼ ਚੌਟਾਲਾ, ਰਜਿੰਦਰ ਕੌਰ ਭੱਠਲ ਸਮੇਤ ਕਈ ਦਿੱਗਜ ਆਗੂ ਉਨ੍ਹਾਂ ਦੇ ਅੰਤਿਮ ਦਰਸ਼ਨਾਂ ਲਈ ਪਹੁੰਚੇ।