ਲੰਘੀ 24 ਅਪ੍ਰੈਲ ਨੂੰ ਮੋਰਿੰਡਾ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਵਿਖੇ ਹੋਈ ਬੇਅਦਬੀ ਘਟਨਾ ਦੇ ਦੋਸ਼ੀ ਜਸਬੀਰ ਸਿੰਘ ਉਰਫ਼ ਜੱਸੀ ਦੀ ਮੌਤ ਹੋ ਗਈ ਹੈ। ਪੁਲਿਸ ਵਲੋਂ ਮਿਲੀ ਜਾਣਕਾਰੀ ਮੁਤਾਬਕ ਉਹ ਮਾਨਸਾ ਦੀ ਤਮਕੋਟ ਜੇਲ੍ਹ ‘ਚ ਬੰਦ ਸੀ। ਇਸ ਦੌਰਾਨ ਉਸਨੂੰ ਸਾਹ ਲੈਣ ‘ਚ ਦਿਕੱਤ ਹੋਈ ਅਤੇ ਬੇਚੈਨੀ ਮਹਿਸੂਸ ਹੋਈ ਜਿਸ ਤੋਂ ਬਾਅਦ ਉਸਨੂੰ ਮਾਨਸਾ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ। ਜਿਥੇ ਉਸਦੀ ਮੌਤ ਹੋ ਗਈ ਹੈ। ਹਸਪਤਾਲ ਵੱਲੋਂ ਦਿੱਤੀ ਜਾਣਕਾਰੀ ਮੁਤਾਬਿਕ ਉਸ ਨੂੰ ਛਾਤੀ ਵਿਚ ਦਰਦ ਸੀ ਅਤੇ ਸਾਹ ਲੈਣ ਵਿੱਚ ਤਕਲੀਫ਼ ਹੋ ਰਹੀ ਸੀ।
ਜ਼ਿਕਰਯੋਗ ਹੈ ਕਿ ਜਸਵੀਰ ਸਿੰਘ ਨਾਂ ਦੇ ਮੁਲਜ਼ਮ ਨੂੰ ਸੂਬੇ ਦੇ ਰੂਪਨਗਰ ਜ਼ਿਲ੍ਹੇ ਦੇ ਮੋਰਿੰਡਾ ’ਚ ਸਥਿਤ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ’ਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਅਤੇ ਦੋ ਗ੍ਰੰਥੀ ਸਿੰਘਾਂ ’ਤੇ ਹਮਲਾ ਕਰਨ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਦੀ ਪੁਲਸ ਹਿਰਾਸਤ ਦੀ ਮਿਆਦ ਖ਼ਤਮ ਹੋਣ ’ਤੇ ਉਸ ਨੂੰ ਨਿਆਇਕ ਹਿਰਾਸਤ ’ਚ ਭੇਜ ਦਿੱਤਾ ਗਿਆ ਸੀ ਅਤੇ ਉਹ 29 ਅਪ੍ਰੈਲ ਤੋਂ ਮਾਨਸਾ ਜੇਲ੍ਹ ਵਿਚ ਸੀ। ਮਾਨਸਾ ਦੇ ਸੀਨੀਅਰ ਕਪਤਾਨ ਪੁਲਸ ਨਾਨਕ ਸਿੰਘ ਨੇ ਦੱਸਿਆ ਕਿ ਮੁਲਜ਼ਮ ਦੀ ਸਿਵਲ ਹਸਪਤਾਲ ’ਚ ਮੌਤ ਹੋ ਗਈ। ਪੁਲਸ ਨੇ ਕਿਹਾ ਕਿ ਉਸ ਵੱਲੋਂ “ਬੇਚੈਨੀ” ਮਹਿਸੂਸ ਹੋਣ ਦੀ ਸ਼ਿਕਾਇਤ ਕਰਨ ਤੋਂ ਬਾਅਦ ਦੁਪਹਿਰ ਨੂੰ ਹਸਪਤਾਲ ਲਿਆਂਦਾ ਗਿਆ ਸੀ। ਉਨ੍ਹਾਂ ਦੱਸਿਆ ਕਿ ਰਾਤ ਤਕਰੀਬਨ 9 ਵਜੇ ਮੁਲਜ਼ਮ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਪੋਸਟਮਾਰਟਮ ਤੋਂ ਬਾਅਦ ਮੌਤ ਦਾ ਕਾਰਨ ਸਪੱਸ਼ਟ ਹੋਵੇਗਾ।