ਦਿੱਲੀ: ਦਿੱਲੀ ਵਿੱਚ ਐਮ.ਸੀ.ਡੀ. ਦੀਆਂ ਚੋਣਾਂ ਦਾ ਮਾਹੌਲ ਪੂਰੀ ਤਰ੍ਹਾਂ ਦੇ ਨਾਲ ਗਰਮਾਇਆ ਹੋਇਆ ਹੈ। ਇਸੇ ਦਰਮਿਆਨ ਆਮ ਆਦਮੀ ਪਾਰਟੀ ਅਤੇ ਭਾਜਪਾ ਆਪਣਾ ਪੂਰਾ ਜ਼ੋਰ ਲਗਾ ਰਹੀ ਹੈ। ਉਥੇ ਹੀ ਦਿੱਲੀ ਦੇ ਜਮਨਾਪਾਰ ਵਾਰਡ ਨੰਬਰ 210 ਗੀਤਾ ਕਲੋਨੀ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਕੰਵਲਜੀਤ ਕੌਰ ਦੇ ਸਮਰਥਨ ਵਿੱਚ ਲੋਕਾਂ ਨੂੰ ਸੰਬੋਧਨ ਕਰਨ ਲਈ ਦਿੱਲੀ ਦੀ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਪਹੁੰਚੇ। ਜਿੱਥੇ ਲੋਕਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਬੰਦੀ ਸਿੰਘਾਂ ਦੀ ਲੜਾਈ ਨੂੰ ਗੋਲਮੋਲ ਕਰਦਿਆਂ ਕਿਹਾ ‘ਸਾਡੀ ਲੜਾਈ ਕੂੜੇ ਦੀ ਹੈ’। ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਸੁਖਵਿੰਦਰ ਸਿੰਘ ਬੱਬਰ ਨੇ ਸਟੇਜ ‘ਤੇ ਚੜ ਕੇ ਮਨੀਸ਼ ਸਿਸੋਦੀਆ ਨੂੰ ਬੰਦੀ ਸਿੰਘਾਂ ਦੀ ਰਿਹਾਈ ਦੀ ਲੜਾਈ ਨੂੰ ‘ਕੌਮ ਦੀ ਲੜਾਈ’ ਦੱਸਿਆ ਹੈ।
ਅਕਾਲੀ ਆਗੂ ਬੱਬਰ ਨੇ ਸਟੇਜ ਤੋਂ ਮਨੀਸ਼ ਸਿਸੋਦੀਆ ਦੇ ਸਾਹਮਣੇ ਕਿਹਾ ਆਮ ਆਦਮੀ ਪਾਰਟੀ ਦਾ ਸਹਿਯੋਗ ਪੂਰੀ ਦਿੱਲੀ ਵਿੱਚ ਕੀਤਾ ਜਾਵੇਗਾ ਪਰ ਪਹਿਲਾਂ ਬੰਦੀ ਸਿੰਘਾਂ ਦੀ ਰਿਹਾਈ ਯਕੀਨੀ ਬਣਾਈ ਜਾਣੀ ਚਾਹੀਦੀ ਹੈ। ਨਾਲ ਹੀ ਬੱਬਰ ਨੇ ਮਨੀਸ਼ ਸਿਸੋਦੀਆ ਨੂੰ ਚੇਤਾ ਕਰਵਾਉਂਦੇ ਕਿਹਾ ਕਿ ਸਾਡਾ ਇੱਕ ਬੰਦੀ ਸਿੰਘ, ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ ਦਿੱਲੀ ਦੀ ਜੇਲ੍ਹ ਵਿੱਚ ਬੰਦ ਹੈ ਉਨ੍ਹਾਂ ਦੀ ਰਿਹਾਈ ਯਕੀਨੀ ਬਣਾਈ ਜਾਵੇ ਤਾਂ ਹੀ ਉਹਨਾਂ ਦਾ ਸਮਰਥਨ ਐਮ.ਸੀ.ਡੀ. ਦੀਆਂ ਚੋਣਾਂ ਵਿਚ ਕੀਤਾ ਜਾਵੇਗਾ।
ਇਥੇ ਦਸ ਦਈਏ ਕਿ ਦਿੱਲੀ ਵਿੱਚ ਐਮ.ਸੀ.ਡੀ. ਦੀਆਂ ਚੋਣਾਂ ਨੂੰ ਲੈਕੇ ਆਮ ਆਦਮੀ ਪਾਰਟੀ ਅਤੇ ਭਾਜਪਾ ਆਹਮੋ-ਸਾਹਮਣੇ ਹੈ। ਇਸ ਵਿਚਕਾਰ ਸ਼੍ਰੋਮਣੀ ਅਕਾਲੀ ਦਲ ਵਲੋਂ ਦਿੱਲੀ ਵਿੱਚ ਐਮ.ਸੀ.ਡੀ. ਦੀਆਂ ਚੋਣਾਂ ਵਿੱਚ ਦੋਵੇਂ ਪਾਰਟੀਆਂ ਅੱਗੇ ਸ਼ਰਤ ਰੱਖੀ ਗਈ ਸੀ ਕਿ ਜਿਹੜੀ ਪਾਰਟੀ ਬੰਦੀ ਸਿੰਘਾਂ ਦੀ ਗੱਲ ਕਰੇਗੀ ਉਨਾਂ ਦਾ ਹੀ ਦਿੱਲੀ ਦੀ ਐਮ.ਸੀ.ਡੀ. ਚੋਣਾਂ ਵਿੱਚ ਸਮਰਥਨ ਕੀਤਾ ਜਾਵੇਗਾ।