ਪੰਜਾਬ ਦੇ ਵਿਚ ਸਿੱਖਿਆ ਮਾਡਲ ਨੂੰ ਉੱਚਾ ਚੁੱਕਣ ਦੇ ਮਕਸਦ ਨਾਲ ‘ਆਪ’ ਸਰਕਾਰ ਵਲੋਂ ਕੀਤੇ ਗਏ ਵਾਅਦੇ ਅਨੁਸਾਰ ਹੁਣ 30 ਪ੍ਰਿੰਸੀਪਲਾਂ ਦਾ ਦੂਜਾ ਬੈਚ ਸਿੰਗਾਪੁਰ ਲਈ ਰਵਾਨਾ ਹੋਵੇਗਾ। ਦਸ ਦਈਏ ਕਿ ਇਸਤੋਂ ਪਹਿਲਾਂ 36 ਪ੍ਰਿੰਸੀਪਲਾਂ ਦਾ ਬੈਚ 4 ਫਰਵਰੀ ਨੂੰ ਸਿੰਗਾਪੁਰ ਲਈ ਰਵਾਨਾ ਕੀਤਾ ਗਿਆ ਸੀ ਜੋ 6 ਤੋਂ 10 ਫਰਵਰੀ ਤੱਕ ਸਿੰਗਾਪੁਰ ‘ਚ ਪ੍ਰੋਫੈਸ਼ਨਲ ਟੀਚਿੰਗ ਟ੍ਰੇਨਿੰਗ ਸੈਮੀਨਾਰ ‘ਚ ਸ਼ਾਮਲ ਹੋਏ ਸੀ ਅਤੇ 11 ਫਰਵਰੀ ਨੂੰ ਵਾਪਸ ਪਰਤ ਆਏ ਸੀ। ਹੁਣ ਜੋ ਦੂਜਾ ਬੈਚ ਸਿੰਗਾਪੁਰ ਜਾਵੇਗਾ ਉਸ ਵਿਚ 30 ਪ੍ਰਿੰਸੀਪਲ ਸ਼ਾਮਲ ਹੋਣਗੇ। ਹਾਸਲ ਹੋਈ ਜਾਣਕਾਰੀ ਤੋਂ ਇਹ ਵੀ ਪਤਾ ਚੱਲਿਆ ਹੈ ਕਿ ਇਹ ਬੈਚ 4 ਮਾਰਚ ਨੂੰ ਭਾਰਤ ਤੋਂ ਰਵਾਨਾ ਹੋਵੇਗਾ।
ਇਹ ਜਾਣਕਾਰੀ ਖੁਦ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਾਂਝੀ ਕੀਤੀ ਹੈ। ਉਹਨਾਂ ਟਵੀਟ ਕਰਦੇ ਹੋਏ ਲਿਖਿਆ, “ਮੁੱਖ ਮੰਤਰੀ ਭਗਵੰਤ ਮਾਨ ਦੇ ਦ੍ਰਿਸ਼ਟੀਕੋਣ ਅਨੁਸਾਰ ਪੰਜਾਬ ਦੀ ਸਕੂਲੀ ਸਿੱਖਿਆ ਨੂੰ ਵਿਸ਼ਵ ਪੱਧਰੀ ਬਣਾਉਣ ਲਈ ਅਸੀਂ ਸੂਬੇ ਦੇ 30 ਸਕੂਲਾਂ ਦੇ ਪ੍ਰਿੰਸੀਪਲਾਂ ਦੇ ਦੂਜੇ ਗਰੁੱਪ ਨੂੰ 4 ਮਾਰਚ ਤੋਂ 11 ਮਾਰਚ ਤੱਕ ਸਿੰਗਾਪੁਰ ਦੇ ਵਿਸ਼ਵ ਪ੍ਰਸਿੱਧ ਨੈਸ਼ਨਲ ਇੰਸਟੀਚਿਊਟ ਆਫ਼ ਐਜੂਕੇਸ਼ਨ ਵਿੱਚ ਵਿਦੇਸ਼ੀ ਸਿਖਲਾਈ ਲਈ ਭੇਜ ਰਹੇ ਹਾਂ।
ਇਥੇ ਦਸ ਦਈਏ ਕਿ ਸਿੰਗਾਪੁਰ ਟ੍ਰੇਨਿੰਗ ਲਈ ਭੇਜੇ ਪ੍ਰਿੰਸੀਪਲਾਂ ਦੇ ਪਹਿਲੇ ਬੈਚ ‘ਤੇ ਕਾਫੀ ਬਵਾਲ ਖੜਾ ਹੋ ਗਿਆ ਸੀ। ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਲੋਂ ਮੁੱਖ ਮੰਤਰੀ ਮਾਨ ਨੂੰ ਸਿੰਗਾਪੁਰ ਟ੍ਰੇਨਿੰਗ ਲਈ ਭੇਜੇ ਪ੍ਰਿੰਸੀਪਲਾਂ ਨੂੰ ਲੈਕੇ ਸਵਾਲ ਪੁੱਛਿਆ ਗਿਆ ਸੀ ਪਰ ਹਾਲੇ ਤੱਕ ਇਸ ਬਾਰੇ ਮੁੱਖ ਮੰਤਰੀ ਨੇ ਕੋਈ ਤਲੱਸੀਬਖ਼ਸ਼ ਜਵਾਬ ਰਾਜਪਾਲ ਨੂੰ ਨਹੀਂ ਦਿੱਤਾ ਹੈ। ਹੁਣ ਵੇਖਣਾ ਹੋਵੇਗਾ ਕਿ ਪੰਜਾਬ ਸਰਕਾਰ ਵਲੋਂ ਭੇਜੇ ਜਾ ਰਹੇ ਇਸ ਦੂਜੇ ਬੈਚ ‘ਤੇ ਰਾਜਪਾਲ ਵਲੋਂ ਕਈ ਇਤਰਾਜ਼ ਜਤਾਇਆ ਜਾਂਦਾ ਹੈ ਜਾਂ ਨਹੀਂ।