ਪੰਜਾਬ ਦੇ ਵਿਚ ਸਿੱਖਿਆ ਮਾਡਲ ਨੂੰ ਉੱਚਾ ਚੁੱਕਣ ਦੇ ਮਕਸਦ ਨਾਲ ‘ਆਪ’ ਸਰਕਾਰ ਵਲੋਂ ਕੀਤੇ ਗਏ ਵਾਅਦੇ ਅਨੁਸਾਰ ਹੁਣ 30 ਪ੍ਰਿੰਸੀਪਲਾਂ ਦਾ ਦੂਜਾ ਬੈਚ ਸਿੰਗਾਪੁਰ ਲਈ ਰਵਾਨਾ ਕੀਤਾ ਗਿਆ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਹਰੀ ਝੰਡੀ ਦੇਕੇ ਪ੍ਰਿੰਸੀਪਲਾਂ ਦਾ ਦੂਜਾ ਬੈਚ ਸਿੰਗਾਪੁਰ ਲਈ ਭੇਜਿਆ ਹੈ। ਦਸ ਦਈਏ ਕਿ ਇਸਤੋਂ ਪਹਿਲਾਂ 36 ਪ੍ਰਿੰਸੀਪਲਾਂ ਦਾ ਬੈਚ 4 ਫਰਵਰੀ ਨੂੰ ਸਿੰਗਾਪੁਰ ਲਈ ਰਵਾਨਾ ਕੀਤਾ ਗਿਆ ਸੀ ਜੋ 6 ਤੋਂ 10 ਫਰਵਰੀ ਤੱਕ ਸਿੰਗਾਪੁਰ ‘ਚ ਪ੍ਰੋਫੈਸ਼ਨਲ ਟੀਚਿੰਗ ਟ੍ਰੇਨਿੰਗ ਸੈਮੀਨਾਰ ‘ਚ ਸ਼ਾਮਲ ਹੋਏ ਸੀ ਅਤੇ 11 ਫਰਵਰੀ ਨੂੰ ਵਾਪਸ ਪਰਤ ਆਏ ਸੀ। ਹੁਣ ਜੋ ਦੂਜਾ ਬੈਚ ਸਿੰਗਾਪੁਰ ਜਾਵੇਗਾ ਉਸ ਵਿਚ 30 ਪ੍ਰਿੰਸੀਪਲ ਸ਼ਾਮਲ ਹਨ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਪ੍ਰਿੰਸੀਪਲਾਂ ਦੀ ਚੋਣ 5 ਮੈਂਬਰੀ ਕਮੇਟੀ ਵੱਲੋਂ ਕੀਤੀ ਜਾਂਦੀ ਹੈ। ਸੀਐਮ ਮਾਨ ਨੇ ਅੱਜ ਸੈਕਟਰ-26 ਸਥਿਤ ਮਹਾਤਮਾ ਗਾਂਧੀ ਇੰਸਟੀਚਿਊਟ ਆਫ਼ ਪਬਲਿਕ ਐਡਮਿਨਿਸਟ੍ਰੇਸ਼ਨ, ਪੰਜਾਬ ਤੋਂ ਦੂਜੇ ਬੈਚ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਉਨ੍ਹਾਂ ਨੇ ਪ੍ਰਿੰਸੀਪਲਾਂ ਨਾਲ ਗੱਲਬਾਤ ਵੀ ਕੀਤੀ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ 30 ਪ੍ਰਿੰਸੀਪਲਾਂ ਨੂੰ ਟ੍ਰੇਨਿੰਗ ਲਈ ਸਿੰਗਾਪੁਰ ਵਾਸਤੇ ਰਵਾਨਾ ਕੀਤਾ ਗਿਆ ਹੈ। ਜਿਨ੍ਹਾਂ ਦੀ 4 ਮਾਰਚ ਤੋਂ ਟ੍ਰੇਨਿੰਗ ਹੋਵੇਗੀ ਅਤੇ 11 ਮਾਰਚ ਨੂੰ ਵਾਪਸ ਆਉਣਗੇ। ਸਿੰਗਾਪੁਰ ਵਾਸਤੇ ਟ੍ਰੇਨਿੰਗ ਜਾਣ ਲਈ ਪ੍ਰਿੰਸੀਪਲ ਚੋਣ ਪ੍ਰਕਿਰਿਆ ਦੀ ਗੱਲ ਕਰਦਿਆਂ ਕਿਹਾ ਕਿ ਪਾਰਦਰਸ਼ੀ ਢੰਗ ਨਾਲ ਚੋਣ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਕ 5 ਮੈਂਬਰੀ ਕਮੇਟੀ ਪ੍ਰਿੰਸੀਪਲਾਂ ਦੀ ਚੋਣ ਕਰਦੀ ਹੈ।