ਪੰਜਾਬ ਦੇ ਆਨੰਦਪੁਰ ਸਾਹਿਬ ਤੋਂ ਵਿਧਾਇਕ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਵਿਆਹ ਕਰਵਾ ਲਿਆ ਹੈ। ਉਹਨਾਂ ਦਾ ਵਿਆਹ ਗੁਰੂਗ੍ਰਾਮ ਨਿਵਾਸੀ ਰਾਕੇਸ਼ ਯਾਦਵ ਦੀ ਧੀ ਆਈ.ਪੀ.ਐੱਸ. ਜਯੋਤੀ ਯਾਦਵ ਨਾਲ ਹੋਇਆ ਹੈ। ਹਾਸਲ ਹੋਈ ਜਾਣਕਾਰੀ ਮੁਤਾਬਕ ਨੰਗਲ ਦੇ ਗੁਰਦੁਆਰਾ ਸਾਹਿਬ ਵਿਚ ਉਹਨਾਂ ਦੇ ਆਨੰਦ ਕਾਰਜ ਹੋਏ ਹਨ। ਮਿਲੀ ਜਾਣਕਾਰੀ ਮੁਤਾਬਕ ਮੰਤਰੀ ਹਰਜੋਤ ਬੈਂਸ ਦੇ ਵਿਆਹ ਵਿਚ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵੀ ਪਹੁੰਚਣਾ ਸੀ ਪਰ ਮੌਸਮ ਖਰਾਬ ਦੇ ਚਲਦਿਆਂ ਉਹ ਵਿਆਹ ਵਿਚ ਨਹੀਂ ਪਹੁੰਚ ਪਾਏ।
ਹਾਲਾਂਕਿ ਮੌਸਮ ਦੀ ਖ਼ਰਾਬੀ ਹੋਣ ਕਰਕੇ ਵਿਆਹ ਦੇ ਪ੍ਰੋਗਰਾਮ ਵਿਚ ਖਲਲ ਜ਼ਰੂਰ ਪਿਆ ਹੈ ਅਤੇ ਪ੍ਰੋਗਰਾਮ ਵਿਚ ਥੋੜ੍ਹੀ ਤਬਦੀਲੀ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਹਰਜੋਤ ਸਿੰਘ ਦੇ ਵਿਆਹ ਦੇ ਪ੍ਰੋਗਰਾਮ ਵਿਚ ਸ਼ਿਰਕਤ ਕਰਨਗੇ। ਸ਼ਾਮ ਨੂੰ ਹੋਣ ਵਾਲੀ ਵਿਆਹ ਦੀ ਪਾਰਟੀ ਦਾ ਪ੍ਰੋਗਰਾਮ ਵੀ ਨੰਗਲ ਵਿਚ ਹੀ ਰੱਖਿਆ ਗਿਆ ਹੈ, ਜਿਸ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਮਹਿਮਾਨ ਸ਼ਿਰਕਤ ਕਰਨਗੇ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਆਈਪੀਐਸ ਜਯੋਤੀ ਯਾਦਵ ਨਾਲ ਮੰਗਣੀ ਦੀ ਤਸਵੀਰ ਸਾਹਮਣੇ ਆਈ ਸੀ। ਆਈਪੀਐਸ ਜਯੋਤੀ ਯਾਦਵ ਇਸ ਸਮੇਂ ਮਾਨਸਾ ਜ਼ਿਲ੍ਹੇ ਵਿੱਚ ਤਾਇਨਾਤ ਹਨ।