ਜਨਗਣਨਾ ਵਿਚ ਪ੍ਰਕਾਸ਼ਿਤ ਫਾਰਮ ’ਚ ਸਿੱਖ ਕੌਮ ਲਈ ਵੱਖਰੀ ਕੌਮ ਵਜੋਂ ਕਾਲਮ ਬਣਾਇਆ ਜਾਵੇ, ਇਹ ਕਹਿਣਾ ਹੈ ਪਾਕਿਸਤਾਨ ਸੁਪਰੀਮ ਕੋਰਟ ਦਾ। ਦਸ ਦਈਏ ਕਿ ਪੇਸ਼ਾਵਰ ਦੀ ਸਿੱਖ ਸੰਗਤ ਵੱਲੋਂ ਦਾਇਰ ਪਟੀਸ਼ਨ ’ਤੇ ਪਾਕਿਸਤਾਨ ਸੁਪਰੀਮ ਕੋਰਟ ਨੇ ਹੁਕਮ ਦਿੱਤਾ ਕਿ ਜਨਗਣਨਾ ਵਿਚ ਪ੍ਰਕਾਸ਼ਿਤ ਫਾਰਮ ’ਚ ਸਿੱਖ ਕੌਮ ਲਈ ਵੱਖਰੀ ਕੌਮ ਵਜੋਂ ਕਾਲਮ ਬਣਾਇਆ ਜਾਵੇ। ਜਦਕਿ ਪਹਿਲਾ ਸਿੱਖ ਕੌਮ ਨੂੰ ਵੀ ਘੱਟ ਗਿਣਤੀ ਫਿਰਕੇ ਵਿਚ ਹੀ ਸ਼ਾਮਲ ਕੀਤਾ ਜਾਂਦਾ ਸੀ।
ਜਾਣਕਾਰੀ ਅਨੁਸਾਰ ਪੇਸ਼ਾਵਰ ਸਿੱਖ ਸੰਗਤ ਦੇ ਨੇਤਾ ਗੁਰਪਾਲ ਸਿੰਘ ਸਮੇਤ 5 ਸਿੱਖਾਂ ਨੇ 23 ਮਾਰਚ 2017 ਵਿਚ ਪੇਸ਼ਾਵਰ ਹਾਈਕੋਰਟ ਵਿਚ ਆਪਣੇ ਵਕੀਲ ਸ਼ਾਹਿਦ ਰਜਾ ਮਲਿਕ ਰਾਹੀਂ ਪਟੀਸ਼ਨ ਦਾਇਰ ਕੀਤੀ ਸੀ ਕਿ ਉਨ੍ਹਾਂ ਨੂੰ ਅਲੱਗ ਕੌਮ ਦੇ ਰੂਪ ਵਿਚ ਜਨਗਨਣਾ ਵਿਚ ਸ਼ਾਮਲ ਕੀਤਾ ਜਾਵੇ ਅਤੇ ਫਾਰਮ ਵਿਚ ਵੱਖਰਾ ਕਾਲਮ ਬਣਾਇਆ ਜਾਵੇ ਪਰ ਪੇਸ਼ਾਵਰ ਹਾਈਕੋਰਟ ਨੇ ਇਸ ’ਤੇ ਉਲਟ ਫੈਸਲਾ ਸੁਣਾਉਂਦੇ ਹੋਏ ਪਟੀਸ਼ਨ ਨੂੰ ਖਾਰਿਜ ਕਰ ਦਿੱਤਾ ਸੀ।
ਇਸ ਫੈਸਲੇ ਖਿਲਾਫ ਉਨ੍ਹਾਂ ਨੇ ਫਿਰ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ, ਜਿਸ ’ਤੇ ਸੁਪਰੀਮ ਕੋਰਟ ਨੇ ਬਹਿਸ ਦੇ ਬਾਅਦ ਅਦਾਲਤ ਨੇ ਚੀਫ ਕਮਿਸ਼ਨਰ ਜਨਗਨਣਾ, ਪਾਕਿਸਤਾਨ ਬਿਊਰੋ ਆਫ ਸਟੈਟਿਕਸ ਸਮੇਤ ਹੋਰ ਮੰਤਰਾਲਿਆਂ ਨੂੰ ਨੋਟਿਸ ਜਾਰੀ ਕਰ ਕੇ ਆਦੇਸ਼ ਦਿੱਤਾ ਕਿ ਜਨਗਣਨਾ ਦੇ ਫਾਰਮ ਵਿਚ ਸਿੱਖ ਭਾਈਚਾਰੇ ਨੂੰ ਵੱਖਰੀ ਪਛਾਣ ਦਿੰਦੇ ਹੋਏ ਸਿੱਖ ਕੌਮ ਦੇ ਲਈ ਵੱਖਰਾ ਕਾਲਮ ਬਣਾਇਆ ਜਾਵੇ।