ਹਾਲ ਹੀ ਵਿਚ ਹੋਏ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਮਾਨ ਸਰਕਾਰ ਵਲੋਂ ‘ਚ ਸਿੱਖ ਗੁਰਦੁਆਰਾ ਸੋਧ ਬਿੱਲ 2023 ਪਾਸ ਕੀਤਾ ਗਿਆ ਸੀ ਜਿਸ ਨੂੰ ਲੈਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅੱਜ ਇਕ ਜਨਰਲ ਇਜਲਾਸ ਸੱਦਿਆ ਗਿਆ ਹੈ। ਜਿਸ ਵਿਚ ਸ਼੍ਰੋਮਣੀ ਕਮੇਟੀ ਨੇ ਸਿੱਖ ਗੁਰਦੁਆਰਾ ਸੋਧ ਐਕਟ ਨੂੰ ਮੁਕੰਮਲ ਤੌਰ ‘ਤੇ ਰੱਦ ਕਰਨ ਦਾ ਐਲਾਨ ਕਰ ਦਿੱਤਾ ਹੈ। ਤੇਜਾ ਸਿੰਘ ਸਮੁੰਦਰੀ ਹਾਲ ਵਿਚ ਸੱਦੇ ਗਏ ਇਜਲਾਸ ਦੌਰਾਨ ਇਸ ਸੋਧ ਐਕਟ ਖ਼ਿਲਾਫ਼ ਮਤਾ ਪਾਸ ਕਰਦਿਆਂ ਐੱਸ. ਜੀ. ਪੀ. ਸੀ. ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਗੁਰਦੁਆਰਾ ਐਕਟ ‘ਚ ਸੋਧ ਦਾ ਅਧਿਕਾਰ ਸਰਕਾਰ ਨੂੰ ਨਹੀਂ ਹੈ। ਨਾਲ ਹੀ ਉਹਨਾਂ ਮੰਗ ਕੀਤ ਕਿ ਸਰਕਾਰ ਸੋਧ ਬਿੱਲ ਤੁਰੰਤ ਵਾਪਸ ਲਵੇ। ਐਡਵੋਕੇਟ ਧਾਮੀ ਨੇ ਕਿਹਾ ਕਿ CM ਪੁਰਾਤਨ ਪਿਰਤਾਂ ਭੁੱਲ ਗਏ ਹਨ।
ਇੰਨਾਂ ਹੀ ਨਹੀਂ ਪ੍ਰਧਾਨ ਨੇ ਇਹ ਵੀ ਐਲਾਨ ਕਰ ਦਿੱਤਾ ਹੈ ਕਿ ਜੇਕਰ ਸਰਕਾਰ ਨੇ ਸਿੱਖ ਮਸਲਿਆਂ ‘ਚ ਦਖ਼ਲਅੰਦਾਜ਼ੀ ਬੰਦ ਨਾ ਕੀਤੀ ਤਾਂ ਸਿੱਖ ਰਵਾਇਤਾਂ ਅਨੁਸਾਰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਕਰਕੇ ਮੋਰਚੇ ਦੀ ਆਰੰਭਤਾ ਕੀਤੀ ਜਾਵੇਗੀ। ਇਸ ਤੋਂ ਇਲਾਵਾ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ ਕੀਤੀਆਂ ਸਿੱਖ ਵਿਰੋਧੀ ਟਿਪਣੀਆਂ, ਕੇਸਾਂ ਦੀ ਤੌਹੀਨ ਕਰਨ ਅਤੇ ਰਾਗੀ ਸਿੰਘਾਂ ਦੇ ਸਨਮਾਨ ਨੂੰ ਠੇਸ ਪਹੁੰਚਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਨਤਕ ਮੁਆਫ਼ੀ ਮੰਗਣ ਦੀ ਵੀ ਮੰਗ ਸ਼੍ਰੋਮਣੀ ਕਮੇਟੀ ਵਲੋਂ ਕੀਤੀ ਗਈ ਹੈ। ਇਸ ਦੇ ਨਾਲ ਹੀ ਪ੍ਰਧਾਨ ਧਾਮੀ ਨੇ ਕਿਹਾ ਕਿ ਭੱਟ ਸਾਹਿਬਾਨ ਦਾ ਨਾਮ ਸਤਿਕਾਰਹੀਣ ਭਾਸ਼ਾ ਵਿਚ ਲੈਣ ‘ਆਪ’ ਦੇ ਬੁੱਢਲਾਡਾ ਤੋਂ ਵਿਧਾਇਕ ਬੁੱਧਰਾਮ ਸਿੰਘ ਖੀਮਾ ਯਾਚਨਾ ਕਰਨ।