ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਨੂੰ 8 ਮਹੀਨੇ ਤੋਂ ਵਧ ਦਾ ਸਮਾਂ ਬੀਤ ਚੁੱਕਿਆ ਹੈ ਪਰ ਹਾਲੇ ਤੱਕ ਉਨ੍ਹਾਂ ਨੂੰ ਤੇ ਉਨ੍ਹਾਂ ਦੇ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲਿਆ। ਸਿੱਧੂ ਮੂਸੇਵਾਲਾ ਦਾ ਪਰਿਵਾਰ ਉਸ ਨੂੰ ਇਨਸਾਫ਼ ਦਿਵਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ। ਹਾਲ ਹੀ ‘ਚ ਮੂਸੇਵਾਲਾ ਦੀ ਮਾਂ ਚਰਨ ਕੌਰ ਨੇ ਇੱਕ ਪੋਸਟ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ, ਜਿਸ ‘ਚ ਉਨ੍ਹਾਂ ਨੇ ਆਪਣੇ ਦਿਲ ਦਾ ਦਰਦ ਬਿਆਨ ਕੀਤਾ ਹੈ।
ਦੱਸ ਦਈਏ ਕਿ ਚਰਨ ਕੌਰ ਨੇ ਸੋਸ਼ਲ ਮੀਡੀਆ ‘ਤੇ ਲਿਖਿਆ, ”ਤਿੰਨ ਮਹੀਨਿਆਂ ਨੂੰ ਇੱਕ ਸਾਲ ਹੋ ਜਾਣਾ ਐ ਤੈਨੂੰ ਗਿਆਂ ਨੂੰ। ਮੈਂ ਨਹੀਂ ਚਾਹੁੰਦੀ, ਨਾ ਮੇਰੇ ‘ਚ ਹਿੰਮਤ ਹੈ ਤੇਰੇ ਖੇਤ ਜਾ ਕੇ ਤੈਨੂੰ ਆਖਣ ਦੀ ਕਿ ਤੇਰੇ ਸਮਰਥਕ ਹਾਰ ਗਏ ਸ਼ੁੱਭ, ਅਸੀਂ ਇਨਸਾਫ਼ ਨਹੀਂ ਦਿਵਾ ਸਕੇ। ਇਹ ਚੁੱਪ ਚਾਪ ਬੈਠੇ ਸ਼ਾਸਕਾਂ ਨੂੰ ਤੇਰੀ ਘਾਟ ਨਹੀਂ ਰੜਕਦੀ ਹੋਵੇਗੀ ਪਰ ਅਸੀਂ ਤੈਨੂੰ ਹਰ ਘੜੀ ਯਾਦ ਕਰਦੇ ਹਾਂ। ਸਾਨੂੰ ਪਤਾ ਤੇਰਾ ਜਾਣਾ ਬਹੁਤ ਕੁੱਝ ਨਾਲ ਲੈ ਗਿਆ। ਉਹ ਇੱਕ ਬੰਦ ਕਮਰੇ ‘ਚ ਬੈਠਾ ਵਿਕਾਸ ਦੀਆਂ ਗੱਲਾਂ ਕਰੀ ਜਾਂਦਾ, ਅਸਲੀਅਤ ‘ਚ ਕੁੱਝ ਨਹੀਂ ਬਦਲਿਆ ਸ਼ੁੱਭ। ਮੈਂ ਸੱਚਾਈ ਨੂੰ ਬਹੁਤ ਨੇੜਿਓਂ ਦੇਖਿਆ ਹੈ। ਤੇਰੀ ਮੌਤ ਉਹ ਭੁੱਲ ਗਿਆ ਪਰ ਸਾਨੂੰ ਯਾਦ ਹੈ। ਸ਼ੁੱਭ ਅਸੀਂ ਲੜਾਂਗੇ ਤੇ ਤੇਰੇ ਸਾਹ ਰੋਕਣ ਵਾਲਿਆਂ ਦੇ ਘਟੀਆ ਚਿਹਰੇ ਸੰਸਾਰ ਮੂਹਰੇ ਲੈ ਕੇ ਆਵਾਂਗੇ।”
ਦੱਸਣਯੋਗ ਹੈ ਕਿ ਚਰਨ ਕੌਰ ਸੋਸ਼ਲ ਮੀਡੀਆ ‘ਤੇ ਕਾਫ਼ੀ ਸਰਗਰਮ ਰਹਿੰਦੇ ਹਨ। ਮੂਸੇਵਾਲਾ ਦੇ ਮਾਤਾ-ਪਿਤਾ (ਚਰਨ ਕੌਰ ਤੇ ਬਲਕੌਰ ਸਿੰਘ ਸਿੱਧੂ) ਨੇ ਪਿਛਲੇ ਸਾਲ ਆਪਣੇ ਪੁੱਤਰ ਨੂੰ ਇਨਸਾਫ਼ ਦਿਵਾਉਣ ਲਈ ਸੋਸ਼ਲ ਮੀਡੀਆ ਅਕਾਊਂਟ ਬਣਾਏ ਸਨ। ਉਹ ਅਕਸਰ ਮੂਸੇਵਾਲਾ ਦੀਆਂ ਤਸਵੀਰਾਂ ਪੋਸਟ ਕਰ ਉਨ੍ਹਾਂ ਲਈ ਇਨਸਾਫ਼ ਦੀ ਮੰਗ ਕਰਦੇ ਰਹਿੰਦੇ ਹਨ। ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀਆਂ ਪੋਸਟਾਂ ਨੂੰ ਸਿੱਧੂ ਮੂਸੇਵਾਲਾ ਦੇ ਚਾਹੁਣ ਵਾਲੇ ਖੂਬ ਸਮਰਥਨ ਦਿੰਦੇ ਹਨ।