ਦੁਨੀਆਂ ਨੂੰ ਅਲਵਿਦਾ ਕਹਿਣ ਦੇ ਬਾਵਜੂਦ ਲੋਕਾਂ ਦੇ ਦਿਲਾਂ ‘ਤੇ ਰਾਜ ਕਰ ਰਹੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਅੱਜ ਯਾਨੀ 29 ਨਵੰਬਰ ਨੂੰ ਪੂਰੇ 6 ਮਹੀਨੇ ਹੋ ਗਏ ਹਨ। ਦਸ ਦਈਏ ਕਿ ਸਿੱਧੂ ਮੂਸੇਵਾਲਾ ਦਾ 29 ਮਈ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸਿੱਧੂ ਦੇ ਕਤਲ ਮਗਰੋਂ ਉਹਨਾਂ ਦੇ ਚਾਹੁਣ ਵਾਲੇ ਬੇਹੱਦ ਦੁਖੀ ਹਨ। ਇਸ ਦੇ ਨਾਲ ਹੀ ਪੰਜਾਬੀ ਸੰਗੀਤ ਇੰਡਸਟਰੀ ਨੂੰ ਵੀ ਸਿੱਧੂ ਦੇ ਕਤਲ ਨਾਲ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਸਿੱਧੂ ਮੂਸੇ ਵਾਲਾ ਦੇ ਪੰਜਾਬੀ ਇੰਡਸਟਰੀ ’ਚ ਕਈ ਦੋਸਤ ਸਨ। ਉਥੇ ਗਾਇਕਾ ਅਫਸਾਨਾ ਖ਼ਾਨ ਦਾ ਸਿੱਧੂ ਨਾਲ ਭੈਣ-ਭਰਾ ਦਾ ਰਿਸ਼ਤਾ ਸੀ। ਇਸ ਮੌਕੇ ਅਫਸਾਨਾ ਖ਼ਾਨ ਨੇ ਅੱਜ ਸਿੱਧੂ ਦੇ ਕਤਲ ਨੂੰ 6 ਮਹੀਨੇ ਪੂਰੇ ਹੋਣ ਦੇ ਚਲਦਿਆਂ ਇਕ ਭਾਵੁਕ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ ’ਚ ਅਫਸਾਨਾ ਲਿਖਦੀ ਹੈ, ‘‘ਅੱਜ ਬਾਈ ਤੈਨੂੰ ਗਏ ਨੂੰ 6 ਮਹੀਨੇ ਹੋ ਗਏ ਪਰ ਸਾਨੂੰ ਅਜੇ ਵੀ ਯਕੀਨ ਨਹੀਂ, ਇੰਝ ਲੱਗਦਾ ਜਿਵੇਂ ਤੂੰ ਸਾਡੇ ’ਚ ਅੱਜ ਮੌਜੂਦ ਹੈ। ਜਦੋਂ ਤਕ ਸਰੀਰ ’ਚ ਸਾਹ ਰਹਿਣਗੇ, ਵੀਰੇ ਤੈਨੂੰ ਹਮੇਸ਼ਾ ਜਿਊਂਦਾ ਰੱਖਾਂਗੇ। ਸਾਡੇ ਲਈ ਤੂੰ ਹੀ ਸਭ ਤੋਂ ਉੱਪਰ ਸੀ ਤੇ ਹਮੇਸ਼ਾ ਰਹੇਗਾ।’’
ਦੱਸ ਦੇਈਏ ਕਿ ਸਿੱਧੂ ਮੂਸੇ ਵਾਲਾ ਤੇ ਅਫਸਾਨਾ ਖ਼ਾਨ ਨੇ ਇਕੱਠਿਆਂ ‘ਧੱਕਾ’ ਵਰਗਾ ਸੁਪਰਹਿੱਟ ਗੀਤ ਗਾਇਆ ਹੈ, ਜਿਸ ਨੂੰ ਲੋਕਾਂ ਦਾ ਬੇਹੱਦ ਪਿਆਰ ਮਿਲਿਆ। ਅਫਸਾਨਾ ਖ਼ਾਨ ਆਪਣੀ ਸਫਲਤਾ ਦਾ ਖਿਤਾਬ ਹਮੇਸ਼ਾ ਸਿੱਧੂ ਮੂਸੇ ਵਾਲਾ ਨੂੰ ਦਿੰਦੀ ਆਈ ਹੈ।