ਪਟਿਆਲਾ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਹੀ ਨਵਜੋਤ ਸਿੰਘ ਸਿੱਧੂ ਐਕਸ਼ਨ ਮੋਡ ਵਿਚ ਵਿਖਾਈ ਦੇ ਰਹੇ ਹਨ। ਜੇਲ੍ਹ ਤੋਂ ਬਾਹਰ ਆਉਂਦੇ ਸਾਰ ਅੱਜ ਨਵਜੋਤ ਸਿੱਧੂ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਘਰ ਜਾਣਗੇ। ਉਨ੍ਹਾਂ ਨੇ ਬੀਤੀ ਸ਼ਾਮ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਟਵੀਟ ਕੀਤਾ, “ਮੈਂ ਕੱਲ੍ਹ ਦੁਪਹਿਰ 2 ਵਜੇ ਪਿੰਡ ਮੂਸੇ ਪਹੁੰਚ ਕੇ ਭਾਈ ਬਲਕੌਰ ਸਿੰਘ ਜੀ ਨਾਲ ਆਪਣਾ ਦੁੱਖ ਸਾਂਝਾ ਕਰਾਂਗਾ। ਮੈਂ ਸ਼ਾਮ 4:15 ਵਜੇ ਉਨ੍ਹਾਂ ਦੇ ਘਰ ਜਾਵਾਂਗਾ ਅਤੇ ਅਮਨ-ਕਾਨੂੰਨ ਦੀ ਸਥਿਤੀ ਬਾਰੇ ਮੀਡੀਆ ਨੂੰ ਸੰਬੋਧਨ ਕਰਾਂਗਾ।”
ਸ਼ਨੀਵਾਰ ਸ਼ਾਮ ਪਟਿਆਲਾ ਜੇਲ੍ਹ ਤੋਂ ਰਿਹਾਅ ਹੋਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਉਹ ਜਲਦੀ ਹੀ ਸਿੱਧੂ ਮੂਸੇਵਾਲਾ ਦੇ ਘਰ ਜਾ ਕੇ ਪੰਜਾਬ ਦੀ ਅਮਨ-ਕਾਨੂੰਨ ਦੀ ਸਥਿਤੀ ਬਾਰੇ ਖੁੱਲ੍ਹ ਕੇ ਗੱਲ ਕਰਨਗੇ। ਉਨ੍ਹਾਂ ਕਿਹਾ ਕਿ ਜੇਕਰ ਸਿੱਧੂ ਮੂਸੇਵਾਲਾ ਵਰਗੀ ਸ਼ਖ਼ਸੀਅਤ ਦਾ ਕਤਲ ਹੋ ਜਾਵੇ ਤੇ ਜੇਕਰ ਸਿੱਧੂ ਦੇ ਕਾਤਲਾਂ ਨੂੰ ਨਾ ਫੜਿਆ ਗਿਆ ਤਾਂ ਅਜਿਹੀ ਸਰਕਾਰ ਤੋਂ ਕੀ ਹੀ ਉਮੀਦ ਕੀਤੀ ਜਾ ਸਕਦੀ ਹੈ।
ਜ਼ਿਕਰਯੋਗ ਹੈ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਪਿਛਲੇ ਸਾਲ 29 ਮਈ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਜਦਕਿ ਇਸ ਤੋਂ 9 ਦਿਨ ਪਹਿਲਾਂ ਯਾਨੀ 20 ਮਈ ਨੂੰ ਹੀ ਸਿੱਧੂ ਨੇ ਆਤਮ-ਸਮਰਪਣ ਕੀਤਾ ਸੀ ਅਤੇ ਉਹ ਜੇਲ੍ਹ ਗਏ ਸੀ।