ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕਾਂ ਅਤੇ ਅਦਾਕਾਰਾਂ ਨੂੰ ਲਗਾਤਾਰ ਗੈਂਗਸਟਰਾਂ ਵਲੋਂ ਧਮਕੀਆਂ ਮਿਲ ਰਹੀਆਂ ਹਨ। ਹੁਣ ਤਾਜ਼ਾ ਮਾਮਲਾ ਪ੍ਰਸਿੱਧ ਪੰਜਾਬੀ ਰੈਪਰ ਨਾਲ ਜੁੜਿਆ ਸਾਹਮਣੇ ਆਇਆ ਹੈ। ਦਸ ਦਈਏ ਕਿ ਸਿੱਧੂ ਮੂਸੇਵਾਲਾ ਦਾ ਕਤਲ ਕਰਵਾਉਣ ਮਗਰੋਂ ਹੁਣ ਗੈਂਗਸਟਰ ਗੋਲਡੀ ਬਰਾੜ ਗੈਂਗ ਨੇ ਪ੍ਰਸਿੱਧ ਪੰਜਾਬੀ ਰੈਪਰ ਅਤੇ ਗਾਇਕ ਹਨੀ ਸਿੰਘ ਨੂੰ ਜਾਨੋ ਮਾਰਨ ਦੀ ਧਮਕੀ ਦਿੱਤੀ ਹੈ। ਜਾਣਕਾਰੀ ਮੁਤਾਬਕ ਹਨੀ ਸਿੰਘ ਨੇ ਕੈਨੇਡੀਅਨ ਗੈਂਗਸਟਰ ਗੋਲਡੀ ਬਰਾੜ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਤੋਂ ਬਾਅਦ ਬੁੱਧਵਾਰ ਨੂੰ ਦਿੱਲੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਗਾਇਕ ਨੂੰ ਕਥਿਤ ਤੌਰ ‘ਤੇ Voice Notes ਰਾਹੀਂ ਧਮਕੀਆਂ ਮਿਲੀਆਂ ਹਨ। 21 ਜੂਨ ਨੂੰ ਗਾਇਕ ਖੁਦ ਦਿੱਲੀ ਪੁਲਿਸ ਕਮਿਸ਼ਨਰ ਨੂੰ ਮਿਲਣ ਪਹੁੰਚਿਆ ਅਤੇ ਦਿੱਲੀ ਪੁਲਿਸ ਹੈੱਡਕੁਆਰਟਰ ‘ਚ ਸ਼ਿਕਾਇਤ ਦਰਜ ਕਰਵਾਈ।
ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਨੇ ਧਮਕੀ ਭਰਿਆ ਵਾਇਸ ਨੋਟ ਭੇਜਿਆ ਹੈ, ਜਿਸ ਤੋਂ ਬਾਅਦ ਸਿੰਗਰ ਨੇ ਦਿੱਲੀ ਪੁਲਿਸ ਤੋਂ ਮਦਦ ਮੰਗੀ ਹੈ। ਉਸ ਨੇ ਦਿੱਲੀ ਪੁਲਿਸ ਨੂੰ ਦੱਸਿਆ ਕਿ ਉਸਨੂੰ ਹੁਣ ਆਪਣੀ ਮੌਤ ਦਾ ਡਰ ਸਤਾ ਰਿਹਾ ਹੈ, ਕਿਉਂਕਿ ਗੋਲਡੀ ਬਰਾੜ ਹੀ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਦਾ ਮੁੱਖ ਸਾਜਿਸ਼ਕਰਤਾ ਹੈ ਅਤੇ ਬਰਾੜ ਨੇ ਕੁਝ ਮਹੀਨੇ ਪਹਿਲਾਂ ਸਲਮਾਨ ਖਾਨ ਨੂੰ ਵੀ ਧਮਕੀ ਭਰੀ ਈ-ਮੇਲ ਭੇਜੀ ਸੀ, ਜਿਸ ਤੋਂ ਬਾਅਦ ਖਾਨ ਦੀ ਸੁਰੱਖਿਆ ਵਧਾ ਦਿੱਤੀ ਗਈ।
ਹਨੀ ਸਿੰਘ ਨੇ ਦੱਸਿਆ, “ਮੈਂ ਅਮਰੀਕਾ ‘ਚ ਸੀ ਅਤੇ ਮੇਰੇ ਮੈਨੇਜਰ ਨੂੰ ਧਮਕੀ ਦਾ ਕਾਲ ਆਇਆ। ਮੈਨੂੰ ਵੀ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਮੈਂ ਪੁਲਿਸ ਕਮਿਸ਼ਨਰ ਨੂੰ ਮਿਲ ਕੇ ਆਪਣੀ ਸ਼ਿਕਾਇਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਹ ਜਾਂਚ ਕਰਨਗੇ। ਉਨ੍ਹਾਂ ਦੱਸਿਆ ਕਿ ਹੋ ਸਕਦਾ ਹੈ ਕਿ ਵਿਸ਼ੇਸ਼ ਸੈੱਲ ਇਸ ਦੀ ਜਾਂਚ ਕਰੇਗਾ। ਮੇਰੇ ਕੋਲ ਜੋ ਵੀ ਜਾਣਕਾਰੀ ਸੀ ਮੈਂ ਉਨ੍ਹਾਂ ਨੂੰ ਦੇ ਦਿੱਤੀ ਹੈ। ਪੁਲਿਸ ਕਮਿਸ਼ਨਰ ਨੇ ਸਭ ਕੁਝ ਵਿਸਥਾਰ ਨਾਲ ਨੋਟ ਕੀਤਾ। ਜਦੋਂ ਤੱਕ ਜਾਂਚ ਚੱਲਦੀ ਹੈ, ਉਦੋਂ ਤੱਕ ਜ਼ਿਆਦਾ ਕੁਝ ਦੱਸਣ ਠੀਕ ਨਹੀਂ ਹੋਵੇਗਾ।”