ਪਹਾੜਾਂ ‘ਤੇ ਹੋ ਰਹੀ ਬਰਫਬਾਰੀ ਕਾਰਨ ਪੰਜਾਬ ਦੇ ਵੱਖ-ਵੱਖ ਹਿੱਸਿਆਂ ‘ਚ ਪਿਛਲੇ ਕਈ ਦਿਨਾਂ ਤੋਂ ਠੰਡ ਵੱਧਦੀ ਜਾ ਰਹੀ ਅਤੇ ਸੰਘਣੀ ਧੁੰਦ ਦਾ ਕਹਿਰ ਵੀ ਜਾਰੀ ਹੈ। ਪੰਜਾਬ ਵਿੱਚ ਅੱਜ ਸਵੇਰੇ ਤੋਂ ਹੀ ਸੰਘਣੀ ਧੁੰਦ ਪੈਣੀ ਸ਼ੁਰੂ ਹੋ ਗਈ ਸੀ, ਜਿਸ ਕਾਰਨ ਟਰੈਫਿਕ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਸਕੂਲੀ ਬੱਚਿਆਂ ਅਤੇ ਕੰਮਾਂਕਾਰਾਂ ਉਤੇ ਜਾਣ ਵਾਲਿਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਮੌਸਮ ਵਿਭਾਗ ਨੇ ਅਗਲੇ 5 ਦਿਨਾਂ ਤੱਕ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ‘ਚ ਧੁੰਦ ਪੈਣ ਦੀ ਚਿਤਾਵਨੀ ਦਿੱਤੀ ਹੈ। ਦਸੰਬਰ ਦਾ ਮਹੀਨਾ ਬੀਤਣ ਵਾਲਾ ਹੈ ਪਰ ਬਰਸਾਤ ਦੇ ਆਸਾਰ ਬਿਲਕੁਲ ਹੀ ਦਿਖਾਈ ਨਹੀਂ ਦੇ ਰਹੇ। ਮੌਸਮ ਵਿਚ ਬਦਲਾਅ ਕਾਰਨ ਅਗਲੇ 5 ਦਿਨ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ ਅਤੇ ਮੌਸਮ ਵਿਭਾਗ ਨੇ 2 ਦਿਨ ਲਈ ਪੰਜਾਬ ਵਿਚ ਅਲਰਟ ਜਾਰੀ ਕੀਤਾ ਹੈ ਕਿਉਂਕਿ ਧੁੰਦ ਇੰਨੀ ਸੰਘਣੀ ਹੋਵੇਗੀ ਕਿ ਨੇੜੇ ਖੜ੍ਹਾ ਵਿਅਕਤੀ ਵੀ ਦਿਖਾਈ ਨਹੀਂ ਦੇਵੇਗਾ।
ਬੀਤੀ ਰਾਤ ਹਾਈਵੇ ਅਤੇ ਮੈਦਾਨੀ ਇਲਾਕਿਆਂ ਵਿਚ ਵਿਜ਼ੀਬਿਲਿਟੀ ਜ਼ੀਰੋ ਰਹੀ। ਉਥੇ ਹੀ, ਮਾਹਿਰਾਂ ਦਾ ਮੰਨਣਾ ਹੈ ਕਿ ਦਿਨ ਦੇ ਸਮੇਂ ਸ਼ੀਤ ਲਹਿਰ ਚੱਲਣ ਦੀ ਸੰਭਾਵਨਾ ਹੈ ਪਰ ਬਰਸਾਤ ਦੇ ਕੋਈ ਆਸਾਰ ਦਿਖਾਈ ਨਹੀਂ ਦੇ ਰਹੇ। ਦਸੰਬਰ 2021 ਵਿਚ ਤਾਪਮਾਨ 23 ਤੋਂ ਲੈ ਕੇ 25 ਡਿਗਰੀ ਦੇ ਵਿਚਕਾਰ ਰਿਹਾ। ਇਸ ਸਾਲ ਦਸੰਬਰ ਦਾ ਅੱਧਾ ਮਹੀਨਾ ਤਾਪਮਾਨ 25 ਤੋਂ 27 ਡਿਗਰੀ ਦੇ ਵਿਚਕਾਰ ਰਿਹਾ ਹੈ, ਜਦੋਂ ਕਿ ਸ਼ਾਮ ਦੇ ਸਮੇਂ ਤਾਪਮਾਨ 18 ਤੋਂ 19 ਡਿਗਰੀ ਵਿਚਕਾਰ ਰਿਹਾ। ਅੱਜ ਸਵੇਰ ਦਾ ਤਾਪਮਾਨ 5 ਤੋਂ ਲੈ ਕੇ 8 ਡਿਗਰੀ ਦੇ ਵਿਚਕਾਰ ਰਿਕਾਰਡ ਕੀਤਾ ਗਿਆ। ਮੌਸਮ ਮਾਹਿਰ ਰੋਹਿਤ ਸ਼ਰਮਾ ਨੇ ਦੱਸਿਆ ਕਿ ਰੈੱਡ ਅਲਰਟ ਇਸ ਲਈ ਜਾਰੀ ਕੀਤਾ ਗਿਆ ਹੈ ਕਿਉਂਕਿ ਹਾਈਵੇ ਅਤੇ ਮੈਦਾਨੀ ਇਲਾਕਿਆਂ ਵਿਚ ਸ਼ਾਮ ਪੈਂਦੇ ਹੀ ਇਕਦਮ ਧੁੰਦ ਡਿੱਗਣੀ ਸ਼ੁਰੂ ਹੋ ਜਾਵੇਗੀ, ਜੋ ਕਿ ਵਾਹਨ ਚਾਲਕਾਂ ਲਈ ਖਤਰਨਾਕ ਹੈ। ਰੈੱਡ ਅਲਰਟ ਆਉਣ ਵਾਲੇ ਦਿਨਾਂ ਵਿਚ ਜਿੰਨਾ ਹੋ ਸਕੇ ਸ਼ਾਮ ਦੇ ਸਮੇਂ ਬਾਹਰ ਨਾ ਨਿਕਲੋ। ਜੇਕਰ ਜ਼ਰੂਰੀ ਹੈ ਤਾਂ ਹੀ ਸਫਰ ਕਰੋ।
ਇਕ ਪਾਸੇ ਜਿਥੇ ਮੌਸਮ ਵਿਚ ਤੇਜ਼ੀ ਨਾਲ ਬਦਲਾਅ ਹੋ ਰਿਹਾ ਹੈ ,ਉਥੇ ਹੀ ਸਿਟੀ ਦਾ ਏਅਰ ਕੁਆਲਿਟੀ ਇੰਡੈਕਸ (ਏ. ਕਿਊ. ਆਈ.) ਦਿਨ ਦੇ ਸਮੇਂ ਇੰਨਾ ਜ਼ਿਆਦਾ ਹੋ ਰਿਹਾ ਹੈ ਕਿ ਲੋਕਾਂ ਦੀ ਸਿਹਤ ਲਈ ਕਾਫੀ ਖਤਰਨਾਕ ਹੈ। ਸੋਮਵਾਰ ਨੂੰ ਦਿਨ ਦੇ ਸਮੇਂ ਏ. ਕਿਊ. ਆਈ. 260 ਦੇ ਲਗਭਗ ਤਾਂ ਸ਼ਾਮੀਂ 7 ਵਜੇ ਦੇ ਲਗਭਗ 163 ਦੇ ਨੇੜੇ ਨੋਟ ਕੀਤਾ ਗਿਆ, ਜੋ ਕਿ ਸਹੀ ਨਹੀਂ ਹੈ। ਏ. ਕਿਊ. ਆਈ. ਇਸ ਲਈ ਖਰਾਬ ਹੋ ਰਿਹਾ ਹੈ ਕਿਉਂਕਿ ਧੂੜ ਅਤੇ ਧੂੰਆਂ ਹਵਾ ਨੂੰ ਖਰਾਬ ਕਰ ਰਹੇ ਹਨ।