ਸੂਬਾ ਵਾਸੀਆਂ ਨੂੰ ਇਕ ਹੋਰ ਵੱਡੀ ਰਾਹਤ ਦਿੰਦਿਆਂ ਸੀ.ਐਮ. ਪੰਜਾਬ ਭਗਵੰਤ ਮਾਨ ਕੀਰਤਪੁਰ ਸਹਿਬ-ਸ੍ਰੀ ਅਨੰਦਪੁਰ ਸਾਹਿਬ-ਨੰਗਲ- ਊਨਾ ਵਾਲਾ ਟੋਲ ਪਲਾਜ਼ਾ ਮੁਫ਼ਤ ਕਰਨ ਜਾ ਰਹੇ ਹਨ। ਸਰਕਾਰ ਦੇ ਇਸ ਫੈਸਲੇ ਨਾਲ ਲੋਕਾਂ ਦੇ ਇੱਕ ਦਿਨ ਦੇ 10 ਲੱਖ 12 ਹਜ਼ਾਰ ਰੁਪਏ ਬਚਣਗੇ। ਇਸ ਦੀ ਜਾਣਕਾਰੀ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਸਾਂਝੀ ਕੀਤੀ ਹੈ।
ਜਾਣਕਾਰੀ ਦਿੰਦਿਆ ਉਨ੍ਹਾਂ ਟਵੀਟ ਕੀਤਾ, ਲੋਕਾਂ ਦੇ ਪੈਸੇ ਦੀ ਲੁੱਟ ਬਰਦਾਸ਼ਤ ਨਹੀਂ ਕਰਾਂਗੇ। ਅੱਜ ਕੀਰਤਪੁਰ ਸਹਿਬ- ਸ੍ਰੀ ਅਨੰਦਪੁਰ ਸਾਹਿਬ-ਨੰਗਲ-ਊਨਾ ਵਾਲਾ ਟੋਲ ਪਲਾਜ਼ਾ ਮੁਫ਼ਤ ਕਰ ਦਿੱਤਾ ਜਾਵੇਗਾ। ਨਾਲ ਹੀ ਉਹਨਾਂ ਕਿਹਾ ਕਿ ਇਸ ਨਾਲ ਲੋਕਾਂ ਦੇ ਇੱਕ ਦਿਨ ਦੇ 10 ਲੱਖ 12 ਹਜ਼ਾਰ ਰੁਪਏ ਬਚਣਗੇ। ਇਸ ਤੋਂ ਇਲਾਵਾ ਉਹਨਾਂ ਜਾਣਕਾਰੀ ਦਿੱਤੀ ਕਿ ਕੰਪਨੀ ਵੱਲੋਂ 582 ਦਿਨ ਮਿਆਦ ਵਧਾਉਣ ਦੀ ਅਰਜ਼ੀ ਖਾਰਜ ਕਰ ਦਿੱਤੀ ਗਈ ਹੈ। ਕੰਪਨੀ ਨੇ ਕਈ ਵਾਰ ਐਗਰੀਮੈਂਟ ਦੀ ਉਲੰਘਣਾ ਕੀਤੀ ਜਿਸ ਦੇ ਵੇਰਵੇ ਜਲਦੀ ਜਾਰੀ ਕੀਤੇ ਜਾਣਗੇ।
ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ ਸੀਐਮ ਮਾਨ ਨੇ ਤਿੰਨ ਹੋਰ ਟੋਲ ਪਲਾਜ਼ਿਆਂ ਨੂੰ ਬੰਦ ਕਰਕੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਸੀ। ਮਜਾਰੀ (ਨਵਾਂਸ਼ਹਿਰ), ਨੰਗਲ ਸ਼ਹੀਦਾਂ ਅਤੇ ਮਾਨਗੜ੍ਹ (ਹੁਸ਼ਿਆਰਪੁਰ) ਟੋਲ ਪਲਾਜ਼ਿਆਂ ਨੂੰ ਬੰਦ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਸੀ ਕਿ ਇਨ੍ਹਾਂ ਤਿੰਨਾਂ ਟੋਲ ਪਲਾਜ਼ਿਆਂ ਦੇ ਬੰਦ ਹੋਣ ਨਾਲ ਰੋਜ਼ਾਨਾ 10.52 ਲੱਖ ਰੁਪਏ ਦੀ ਬੱਚਤ ਹੋਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਸਮਝੌਤੇ ਅਨੁਸਾਰ ਇਹ ਟੋਲ 10 ਸਾਲ ਪਹਿਲਾਂ ਬੰਦ ਹੋ ਜਾਣੇ ਚਾਹੀਦੇ ਸਨ ਪਰ ਉਸ ਵੇਲੇ ਦੀਆਂ ਸਰਕਾਰਾਂ ਨੇ ਟੋਲ ਕੰਪਨੀ ‘ਤੇ ਮਿਹਰਬਾਨ ਹੋ ਕੇ ਇਸ ਦੇ ਉਲਟ ਕੰਪਨੀ ਦਾ ਖਜ਼ਾਨਾ ਭਰਨ ‘ਚ ਮਦਦ ਕੀਤੀ ਸੀ।