ਸ੍ਰੀ ਆਨੰਦਪੁਰ ਸਾਹਿਬ ਵਿਖੇ ਮਨਾਏ ਜਾਣ ਵਾਲੇ ਹੋਲਾ ਮਹੱਲਾ 2023 ਦੌਰਾਨ ਲੱਖਾਂ ਦੀ ਗਿਣਤੀ ‘ਚ ਸ਼ਰਧਾਲੂ ਮੱਥਾ ਟੇਕਣ ਲਈ ਪਹੁੰਚਦੇ ਹਨ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੀਟਿੰਗ ਦੀ ਅਗਵਾਈ ਕਰਦਿਆਂ ਡਿਪਟੀ ਕਮਿਸ਼ਨਰ ਨੇ ਜਨਰਲ ਮੈਨੇਜਰ ਰੋਡਵੇਜ਼ ਗੁਰਸੇਵਕ ਸਿੰਘ ਰਾਜਪਾਲ ਨੂੰ ਹਦਾਇਤ ਕਰਦਿਆਂ ਕਿਹਾ ਕਿ ਸ਼ਰਧਾਲੂਆਂ ਦੀ ਸਹੂਲਤ ਲਈ 70 ਮਿੰਨੀ ਬੱਸਾਂ ਦਾ ਪ੍ਰਬੰਧ ਕੀਤਾ ਜਾਵੇ ਤੇ ਇਹ ਬੱਸ ਸੇਵਾ ਯਕੀਨੀ ਤੌਰ ‘ਤੇ 24 ਘੰਟੇ ਲਈ ਉਪਲੱਬਧ ਹੋਵੇ। ਸ਼ਰਧਾਲੂਆਂ ਨੂੰ ਆਵਾਜਾਈ ਲਈ ਸਹੂਲਤ ਪ੍ਰਦਾਨ ਕਰਦੇ ਹੋਏ 6 ਮਾਰਚ ਤੋਂ 8 ਮਾਰਚ ਤੱਕ ਸ਼ਟਲ ਬੱਸ ਸੇਵਾ ਚਲਾਈ ਜਾਵੇਗੀ।
ਡਾ. ਪ੍ਰਰੀਤੀ ਯਾਦਵ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਵਿਖੇ ਵੱਡੀ ਗਿਣਤੀ ‘ਚ ਸ਼ਰਧਾਲੂਆਂ ਦੇ ਪੁੱਜਣ ਨਾਲ ਵਾਹਨਾਂ ਦੀ ਆਵਾਜਾਈ ਸਚਾਰੂ ਢੰਗ ਨਾਲ ਨਹੀਂ ਹੋ ਪਾਉਂਦੀ ਜਿਸ ਕਾਰਨ ਵੱਡੇ ਪੱਧਰ ‘ਤੇ ਟਰੈਫਿਕ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਹਾਲਾਤਾਂ ‘ਚ ਸ਼ਟਲ ਬੱਸ ਸੇਵਾ ਨਾਲ ਵਿਸ਼ੇਸ਼ ਤੌਰ ‘ਤੇ ਬਜ਼ੁਰਗ, ਬੱਚਿਆਂ ਤੇ ਔਰਤਾਂ ਨੂੰ ਸਫ਼ਰ ਕਰਨ ‘ਚ ਕਾਫੀ ਆਸਾਨੀ ਹੋਵੇਗੀ।
ਉਨ੍ਹਾਂ ਅੱਗੇ ਕਿਹਾ ਕਿ ਸ਼ਟਲ ਬੱਸ ਸੇਵਾ ਨੂੰ 24 ਘੰਟੇ ਯਕੀਨੀ ਕਰਨ ਲਈ ਤਕਨੀਕੀ ਢੰਗ ਨਾਲ ਰੋਡ ਮੈਪ ਬਣਾਇਆ ਜਾਵੇ ਜਿਸ ਲਈ ਡਰਾਇਵਰਾਂ ਦੀ ਡਿਊਟੀ ਦੇ ਰੋਸਟਰ ਤਿਆਰ ਕਰ ਲਏ ਜਾਣ ਤੇ ਇਸ ਸਬੰਧੀ ਰਿਪੋਰਟ ਇਸੇ ਹਫ਼ਤੇ ਉਨ੍ਹਾਂ ਨੂੰ ਪੇਸ਼ ਕੀਤੀ ਜਾਵੇ। ਡਿਪਟੀ ਕਮਿਸ਼ਨਰ ਨੇ ਮੋਟਰ ਵਹੀਕਲ ਇੰਸਪੈਕਟਰ ਰਣਪ੍ਰਰੀਤ ਸਿੰਘ ਨੂੰ ਹਦਾਇਤ ਕਰਦਿਆਂ ਕਿਹਾ ਕਿ ਬੱਸਾਂ ਦੀ ਪਾਰਕਿੰਗ ਸਹੀ ਜਗ੍ਹਾ ‘ਤੇ ਹੋਵੇ ਤਾਂ ਜੋ ਨਿਰਧਾਰਿਤ ਕੀਤੇ ਗਏ ਸਮੇਂ ਦੇ ਅੰਤਰਾਲ ਉਪਰੰਤ ਬੱਸਾਂ ਨੂੰ ਚਲਾਇਆ ਜਾ ਸਕੇ।