ਬੀਤੀ ਦੇਰ ਰਾਤ ਸ੍ਰੀ ਦਰਬਾਰ ਸਾਹਿਬ ਨਜ਼ਦੀਕ ਕਰੀਬ 12 ਵਜੇ ਵਾਪਰੇ ਇਕ ਹੋਰ ਧਮਾਕੇ ਦੀ ਗੁੱਥੀ ਨੂੰ ਪੁਲਿਸ ਨੇ ਸੁਲਝਾ ਲਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਟਾਸਕ ਫੋਰਸ ਦੀ ਮਦਦ ਨਾਲ ਵਾਰਦਾਤ ਨੂੰ ਅੰਜਾਮ ਦੇਣ ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਤੋਂ ਬਾਅਦ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਪ੍ਰੈੱਸ ਕਾਨਫਰੰਸ ਕੀਤੀ। ਜਿਸ ਵਿਚ ਉਹਨਾਂ ਜਾਣਕਾਰੀ ਦਿੱਤੀ ਕਿ 10 ਮਈ ਦੀ ਰਾਤ ਕਰੀਬ 12:00 ਵਜੇ ਤੀਜਾ ਧਮਾਕਾ ਹੋਇਆ ਜਿਸ ਵਿਚ ਪੁਲਿਸ ਨੇ ਘੇਰਾਬੰਦੀ ਕੀਤੀ ਅਤੇ ਪੰਜ ਮੈਂਬਰੀ ਅੱਤਵਾਦੀ ਗਿਰੋਹ ਨੂੰ ਕਾਬੂ ਕਰ ਲਿਆ। ਮੁੱਢਲੀ ਪੁੱਛਗਿੱਛ ‘ਚ ਹੀ ਗ੍ਰਿਫਤਾਰ ਵਿਅਕਤੀਆਂ ਨੇ ਆਪਣਾ ਜੁਰਮ ਕਬੂਲ ਕਰਕੇ ਵੱਡੇ ਖੁਲਾਸੇ ਕੀਤੇ ਹਨ।
ਗ੍ਰਿਫ਼ਤਾਰ ਦੋਸ਼ੀ ਆਜ਼ਾਦ ਵੀਰ ਸਿੰਘ ਨੇ ਬੁੱਧਵਾਰ ਰਾਤ 12 ਵਜੇ ਦੇ ਕਰੀਬ ਸਰਾਏ ਦੇ ਬਾਥਰੂਮ ਵਿਚ ਜਾ ਕੇ ਉਸ ਦੇ ਪਿੱਛੇ ਸਥਿਤ ਪਾਰਕ ਵਿਚ ਬੰਬ ਧਮਾਕਾ ਕਰ ਦਿੱਤਾ, ਜਿਸ ਤੋਂ ਬਾਅਦ ਪੁਲਿਸ ਨੇ ਇਲਾਕੇ ਦੀ ਨਾਕਾਬੰਦੀ ਕਰ ਕੇ ਗ੍ਰਿਫਤਾਰ ਕਰ ਲਿਆ। ਪੰਜ ਦੋਸ਼ੀਆਂ ਨੇ ਪੁਲਿਸ ਵੱਲੋਂ ਕੀਤੀ ਮੁਢਲੀ ਜਾਂਚ ਵਿੱਚ ਇਹਨਾਂ ਨੇ ਆਪਣਾ ਜੁਰਮ ਕਬੂਲ ਕਰ ਲਿਆ ਅਤੇ ਪੁਲਿਸ ਨੂੰ ਦੱਸਿਆ ਕਿ ਉਹ ਪਹਿਲਾਂ ਵੀ ਧਮਾਕੇ ਕਰ ਚੁੱਕੇ ਹਨ। ਫੜੇ ਗਏ ਮੁਲਜ਼ਮਾਂ ਨੇ ਦੱਸਿਆ ਕਿ ਪਹਿਲੇ ਦੋ ਧਮਾਕੇ ਜਿਸ ਵਿੱਚ 6 ਮਈ ਨੂੰ ਪਾਰਕਿੰਗ ਵਿੱਚ ਇੱਕ ਕੰਟੇਨਰ ਵਿੱਚ ਪੋਲੀਥੀਨ ਦੇ ਲਿਫਾਫੇ ਵਿੱਚ ਬੰਬ ਦੀ ਸਮੱਗਰੀ ਰੱਖੀ ਹੋਈ ਸੀ, ਜਿਸ ਵਿੱਚ ਮੋਟੇ ਧਾਗੇ ਨਾਲ ਲਟਕਿਆ ਹੋਇਆ ਸੀ। ਇਸ ਤੋਂ ਬਾਅਦ 8 ਮਈ ਨੂੰ ਸਵੇਰੇ 04 ਵਜੇ ਦੇ ਕਰੀਬ ਇਕ ਹੋਰ ਬ ਸਮੱਗਰੀ ਉਸੇ ਪਾਰਕਿੰਗ ਵਿਚ ਰੱਖੀ ਗਈ ਅਤੇ ਉਹ ਉਥੋਂ ਚਲਾ ਗਿਆ। ਬਾਅਦ ਵਿੱਚ ਜਦੋਂ ਇੱਕ ਹੋਰ ਲੰਘ ਰਹੇ ਵਿਅਕਤੀ ਨੇ ਉਸ ਧਾਗੇ ਨੂੰ ਦੇਖਿਆ ਤਾਂ ਉਸ ਨੇ ਖਿੱਚਿਆ ਤਾਂ ਉਹ ਵੀ ਧਮਾਕਾ ਹੋ ਗਿਆ। ਇਹ ਘਟਨਾ ਸਵੇਰੇ 06.30 ਵਜੇ ਦੇ ਕਰੀਬ ਵਾਪਰੀ ਸੀ।
ਫੜੇ ਗਏ ਅੱਤਵਾਦੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਮਿਲ ਕੇ ਪਟਾਕੇ ਬਣਾਉਣ ਦੀ ਪੰਜ ਹਜ਼ਾਰ ਰੁਪਏ ਵਿੱਚ ਸਮੱਗਰੀ ਖਰੀਦੀ ਅਤੇ ਉਸ ‘ਚ ਪੱਥਰ ਪਾ ਕੇ ਟਰਾਇਲ ਲਿਆ, ਜਿਸ ‘ਚ ਉਹ ਸਫਲ ਰਹੇ ਤੇ ਬੰਬ ਤਿਆਰ ਕਰਨ ਲੱਗੇ। ਪੁਲਿਸ ਨੇ ਗਿਰੋਹ ਦੇ ਮੈਂਬਰਾਂ ਦੇ ਕਬਜ਼ੇ ਵਿਚੋਂ 1100 ਗ੍ਰਾਮ ਵਿਸਫੋਟਕ ਸਮੱਗਰੀ/ਰਸਾਇਣ ਅਤੇ ਕੁਝ ਰੈਡੀਕਲ ਸਾਹਿਤ ਵੀ ਬਰਾਮਦ ਕੀਤਾ ਹੈ। ਇਸ ਸਬੰਧ ਵਿਚ ਥਾਣਾ ਈ ਡਵੀਜ਼ਨ ਦੀ ਪੁਲਿਸ ਨੇ ਮੁਕੱਦਮਾਂ ਨੰਬਰ 49/2023 ਧਾਰਾ 9-ਬੀ ਵਿਸਫੋਟਕ ਦੇ ਤਹਿਤ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਐਕਟ, 3-4-5 ਵਿਸਫੋਟਕ ਸਮੱਗਰੀ, 13,16,18. ਗੈਰ-ਕਾਨੂੰਨੀ ਗਤੀਵਿਧੀਆਂ ਰੋਕੂ ਐਕਟ, 120-ਬੀ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਦਸ ਦਈਏ ਕਿ ਫੜੇ ਗਏ ਮੁਲਜ਼ਮ ਦੀ ਪਛਾਣ 1) ਆਜ਼ਾਦ ਵੀਰ ਸਿੰਘ ਪੁੱਤਰ ਜਸਵੀਰ ਸਿੰਘ ਵਜੋਂ ਹੋਈ ਹੈ ਵਾਸੀ ਪਿੰਡ ਵਡਾਲਾ ਕਲਾਂ, ਬਾਬਾ ਬਕਾਲਾ,ਜਿਲ੍ਹਾ ਅੰਮ੍ਰਿਤਸਰ ਦਿਹਾਤੀ 2) ਅਮਰੀਕ ਸਿੰਘ ਪੁੱਤਰ ਲਖਬੀਰ ਸਿੰਘ ਵਾਸੀ ਗੁਰਦਾਸਪੁਰ, 3) ਸਾਹਬ ਸਿੰਘ ਵਾਸੀ ਗੇਟ ਹਕੀਮਾ ਅਨਗੜ੍ਹ,ਅੰਮ੍ਰਿਤਸਰ ਅਤੇ 4) ਧਰਮਿੰਦਰ, ਤੇ 5) ਹਰਜੀਤ ਵਾਸੀ 88 ਫੁੱਟ ਰੋਡ, ਅੰਮ੍ਰਿਤਸਰ ਵੱਜੋਂ ਹੋਈ ਹੈ।