ਜੂਨ ਦੇ ਮਹੀਨੇ ਵਿਚ ਪੰਜਾਬ ‘ਚ ਹਾਈ ਅਲਰਟ ਕਰ ਦਿੱਤਾ ਜਾਂਦਾ ਹੈ। ਘੱਲੂਘਾਰਾ ਦਿਵਸ ਨੂੰ ਲੈਕੇ ਜ਼ਿਲ੍ਹਿਆਂ ਦੇ ਵੱਖ-ਵੱਖ ਚੌਂਕਾ ‘ਤੇ ਪੁਲਿਸ ਵੀ ਤਾਇਨਾਤ ਕਰ ਦਿੱਤੀ ਜਾਂਦੀ ਹੈ ਤਾਂ ਜੋ ਕੋਈ ਵੀ ਅਣਸੁਖਾਂਵੀ ਘਟਨਾ ਨਾ ਵਾਪਰ ਸਕੇ। ਪਰ ਗੁਰੂ ਨਗਰੀ ਅੰਮ੍ਰਿਤਸਰ ‘ਚ ਮੁੜ ਕੁਝ ਅਜਿਹਾ ਵਾਪਰਿਆ ਜਿਸ ਕਾਰਨ ਪੁਲਿਸ ਨੂੰ ਭਾਜੜਾਂ ਪੈ ਗਈਆਂ। ਮਿਲੀ ਜਾਣਕਾਰੀ ਮੁਤਾਬਕ ਸ੍ਰੀ ਦਰਬਾਰ ਸਾਹਿਬ ਨੇੜੇ ਬੰਬ ਹੋਣ ਦੀ ਸੂਚਨਾ ਪੁਲਸ ਨੂੰ ਪ੍ਰਾਪਤ ਹੋਈ। ਸੂਚਨਾ ਮਿਲਦੇ ਹੀ ਪੁਲਸ ਪੂਰੀ ਤਰ੍ਹਾਂ ਅਲਰਟ ਹੋ ਗਈ ਅਤੇ ਜਾਂਚ ਪੜਤਾਲ ਕਰਨ ਤੋਂ ਬਾਅਦ ਪਾਇਆ ਗਿਆ ਬੰਬ ਹੋਣ ਦੀ ਖ਼ਬਰ ਝੂਠੀ ਸੀ। ਇਸ ਦੌਰਾਨ ਪੁਲਿਸ ਨੇ ਝੂਠੀ ਖ਼ਬਰ ਫੈਲਾਉਣ ਵਾਲਾ ਵਿਅਕਤੀ ਕਾਬੂ ਕਰ ਲਿਆ ਹੈ। ਪੁਲਿਸ ਮੁਤਾਬਕ ਮੁਲਜ਼ਮ ਨੇ ਚੋਰ ਕੀਤੇ ਫੋਨ ਤੋਂ ਕੰਟਰੋਲ ਰੂਮ ‘ਚ ਝੂਠੀ ਖ਼ਬਰ ਦਿੱਤੀ ਸੀ ਕਿ ਸ੍ਰੀ ਦਰਬਾਰ ਸਾਹਿਬ ਨੇੜੇ ਬੰਬ ਹੈ।
ਪੁਲਿਸ ਮੁਤਾਬਕ ਸ੍ਰੀ ਹਰਿਮੰਦਰ ਸਾਹਿਬ ਨੇੜੇ ਕਿਸੇ ਥਾਂ ’ਤੇ ਚਾਰ ਬੰਬ ਰੱਖੇ ਹੋਣ ਦੀ ਖ਼ਬਰ ਮਿਲਦਿਆਂ ਹੀ ਪੁਲਸ ਨੇ ਰਾਤ 1.30 ਵਜੇ ਪੂਰੇ ਸੂਬੇ ਨੂੰ ਅਲਰਟ ਕਰ ਦਿੱਤਾ ਹੈ। ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਦੇ ਇਲਾਕਿਆਂ ਦੀ ਜਾਂਚ ਕਰਨ ਲਈ ਪੁਲਸ ਲਾਈਨ ਤੋਂ ਤੁਰੰਤ ਦਸ ਬੰਬ ਨਿਰੋਧਕ ਦਸਤੇ ਪਹੁੰਚ ਗਏ। ਸਵੇਰੇ 4 ਵਜੇ ਤੱਕ ਘਰ-ਘਰ ਜਾ ਕੇ ਤਲਾਸ਼ੀ ਲਈ ਗਈ ਪਰ ਕੋਈ ਬੰਬ ਨਹੀਂ ਮਿਲਿਆ। ਦੂਜੇ ਪਾਸੇ ਪੁਲਸ ਦੀ ਸਾਈਬਰ ਟੀਮ ਮੋਬਾਈਲ ਨੰਬਰ ਨੂੰ ਟਰੇਸ ਕਰ ਰਹੀ ਸੀ, ਜਿਸ ਨੇ ਇਸ ਦੀ ਸੂਚਨਾ ਪੁਲਸ ਕੰਟਰੋਲ ਰੂਮ ਨੂੰ ਦਿੱਤੀ।
ਸਵੇਰੇ ਪੰਜ ਵਜੇ ਪੁਲਸ ਨੇ ਇੱਕ ਨੌਜਵਾਨ ਨੂੰ ਹਿਰਾਸਤ ‘ਚ ਲਿਆ। ਜਾਣਕਾਰੀ ਮੁਤਾਬਕ ਮੁਲਜ਼ਮ ਨੇ ਸ਼ਰਾਰਤ ਕਰਨ ਦੀ ਨੀਅਤ ਨਾਲ ਇਹ ਸੁਨੇਹਾ ਪੁਲਸ ਕੰਟਰੋਲ ਰੂਮ ਨੂੰ ਦਿੱਤਾ ਸੀ ਅਤੇ ਮੁਲਜ਼ਮ ਕੋਲ ਨੇ ਜਿਸ ਫੋਨ ਤੋਂ ਕਾਲ ਕੀਤੀ ਸੀ ਉਹ ਫੋਨ ਵੀ ਚੋਰੀ ਵਾਲਾ ਦੱਸਿਆ ਜਾ ਰਿਹਾ ਸੀ। ਹਾਲਾਂਕਿ, ਖਬਰ ਮਿਲਣ ਤੋਂ ਕੁਝ ਦੇਰ ਬਾਅਦ ਹੀ ਪੁਲਸ ਲਾਈਨ ਤੋਂ ਦਸ ਬੰਬ ਨਿਰੋਧਕ ਟੀਮਾਂ ਸ੍ਰੀ ਹਰਿਮੰਦਰ ਸਾਹਿਬ ਲਈ ਰਵਾਨਾ ਹੋ ਗਈਆਂ ਅਤੇ ਉਦੋਂ ਤੱਕ ਪੂਰੇ ਪੰਜਾਬ ‘ਚ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਸੀ।