ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਕਤਲ ਕੇਸ ਦਾ ਟ੍ਰਾਇਲ ਸ਼ੁਰੂ ਹੋ ਗਿਆ ਹੈ। ਹਰਿਆਣਾ ਅਤੇ ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਗੈਂਗਸਟਰਾਂ ਨੂੰ ਸੋਮਵਾਰ ਨੂੰ ਸਖ਼ਤ ਸੁਰੱਖਿਆ ਹੇਠ ਜਲੰਧਰ ਦੇ ਕੇ ਕੇ ਜੈਨ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਪੁਲਿਸ ਨੇ ਕਤਲ ਦੀ ਜਾਂਚ ਤੋਂ ਬਾਅਦ ਅਦਾਲਤ ਵਿੱਚ ਚਾਰਜਸ਼ੀਟ ਪੇਸ਼ ਕੀਤੀ। ਅਦਾਲਤ ਵਿੱਚ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਰਜਿੰਦਰ, ਮਨਜੋਤ, ਸਚਿਨ, ਅਮਿਤ ਡਾਗਰ, ਕੌਸ਼ਲ ਚੌਧਰੀ, ਵਿਕਾਸ ਮਾਹਲੇ, ਅੰਮ੍ਰਿਤਸਰ ਅਤੇ ਮਾਡਰਨ ਜੇਲ੍ਹ ਕਪੂਰਥੱਲਾ ਤੋਂ ਹਰਿੰਦਰ ਸਿੰਘ ਫ਼ੌਜੀ, ਫਤਿਹ ਸਿੰਘ ਉਰਫ਼ ਯੁਵਰਾਜ, ਸਿਮਰਨਜੀਤ ਉਰਫ਼ ਜੁਝਾਰ ਸਿੰਘ ਉਰਫ਼ ਗੈਂਗਸਟਰ, ਯਾਦਵਿੰਦਰ ਸਿੰਘ ਅਤੇ ਵਿਕਾਸ ਦਹੀਆ ਨੂੰ ਨਿੱਜੀ ਤੌਰ ‘ਤੇ ਅਦਾਲਤ ‘ਚ ਪੇਸ਼ ਕੀਤਾ ਗਿਆ। ਤਿੰਨਾਂ ਮੁਲਜ਼ਮਾਂ ਦੇ ਪੇਸ਼ ਨਾ ਹੋਣ ਕਾਰਨ ਅਦਾਲਤ ਨੇ ਮੁੜ ਸੁਣਵਾਈ ਦੀ ਤਰੀਕ 21 ਅਗਸਤ ਤੈਅ ਕੀਤੀ ਹੈ। ਅਦਾਲਤ ਨੇ ਸਾਰੇ ਮੁਲਜ਼ਮਾਂ ਨੂੰ ਨਿੱਜੀ ਤੌਰ ’ਤੇ ਅਦਾਲਤ ਵਿੱਚ ਹਾਜ਼ਰ ਹੋਣ ਲਈ ਕਿਹਾ ਹੈ।
ਦਸ ਦਈਏ ਕਿ ਅੰਤਰਰਾਸ਼ਟਰੀ ਸਰਕਲ ਸਟਾਈਲ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਦੀ ਪਿਛਲੇ ਸਾਲ 14 ਮਾਰਚ ਨੂੰ ਨਕੋਦਰ ਦੇ ਪਿੰਡ ਮੱਲੀਆਂ ਵਿਖੇ ਪੰਜ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਘਟਨਾ ਸ਼ਾਮ 6 ਵਜੇ ਦੇ ਕਰੀਬ ਉਸ ਸਮੇਂ ਵਾਪਰੀ ਜਦੋਂ ਸੰਦੀਪ ਚੱਲ ਰਹੇ ਟੂਰਨਾਮੈਂਟ ਲਈ ਪਿੰਡ ਪੁੱਜਿਆ ਸੀ। ਮੈਚ ਦੇ ਵਿਚਕਾਰ ਅੰਨ੍ਹੇਵਾਹ ਗੋਲੀਬਾਰੀ ਕਾਰਨ ਸਟੇਡੀਅਮ ਵਿੱਚ ਹਫੜਾ-ਦਫੜੀ ਮੱਚ ਗਈ। ਹਮਲਾਵਰ ਸਫੇਦ ਰੰਗ ਦੀ ਕਾਰ ਵਿੱਚ ਆਏ ਸਨ। ਉਸ ਨੇ ਸੰਦੀਪ ‘ਤੇ ਕਰੀਬ 20 ਰਾਉਂਡ ਫਾਇਰ ਕੀਤੇ। ਉਸਦੇ ਮੂੰਹ ਤੋਂ ਲੈਕੇ ਛਾਤੀ ਤੱਕ ਗੋਲੀਆਂ ਮਾਰੀਆਂ ਗਈਆਂ ਸੀ। ਜੇਲ੍ਹ ਤੋਂ ਰਿਮਾਂਡ ‘ਤੇ ਲਿਆਏ ਗੈਂਗਸਟਰ ਫਤਿਹ ਨੇ ਕਬੂਲ ਕੀਤਾ ਕਿ ਉਸ ਨੇ ਕੈਨੇਡਾ ‘ਚ ਬੈਠੇ ਸਨਾਵਰ ਢਿੱਲੋਂ ਦੇ ਕਹਿਣ ‘ਤੇ ਅਮਿਤ ਡਾਗਰ, ਕੌਸ਼ਲ ਚੌਧਰੀ, ਜਗਜੀਤ ਸਿੰਘ, ਲੱਕੀ ਪਟਿਆਲ ਅਤੇ ਸੁੱਖਾ ਦੁੱਨੇਕੇ ਨਾਲ ਮਿਲ ਕੇ ਸ਼ੂਟਰਾਂ ਦਾ ਪ੍ਰਬੰਧ ਕੀਤਾ ਸੀ। ਦੁੱਨੇਕੇ ਦੇ ਇਸ਼ਾਰੇ ‘ਤੇ ਸਿਮਰਨਜੀਤ ਉਰਫ਼ ਜੁਝਾਰ ਨੇ ਅੰਮ੍ਰਿਤਸਰ ਦੇ ਪ੍ਰੀਤਮ ਐਨਕਲੇਵ ‘ਚ ਰਿਸ਼ਤੇਦਾਰ ਸਵਰਨ ਸਿੰਘ ਦੇ ਘਰ ਸੂਟਰਾਂ ਨੂੰ ਠਿਕਾਣਾ ਮੁਹੱਈਆ ਕਰਵਾਇਆ। ਪੁਲਿਸ ਨੇ ਸਵਰਨ ਦੇ ਘਰੋਂ 18 ਜਿੰਦਾ ਕਾਰਤੂਸ ਅਤੇ 12 ਬੋਰ ਦੀ ਰਾਈਫਲ ਬਰਾਮਦ ਕੀਤੀ ਸੀ। ਸਵਰਨ ਸਿੰਘ ਨੂੰ ਵੀ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਹੈ।
ਸਨਾਵਰ ਢਿੱਲੋਂ ਨੇ ਓਨਟਾਰੀਓ ਦੀ ਨੈਸ਼ਨਲ ਕਬੱਡੀ ਫੈਡਰੇਸ਼ਨ ਬਣਾਈ। ਉਸ ਨੇ ਖਿਡਾਰੀਆਂ ਨੂੰ ਆਪਣੀ ਫੈਡਰੇਸ਼ਨ ਵਿਚ ਸ਼ਾਮਲ ਹੋਣ ਲਈ ਕਿਹਾ, ਪਰ ਜ਼ਿਆਦਾਤਰ ਵੱਡੇ ਖਿਡਾਰੀ ‘ਮੇਜਰ ਲੀਗ ਕਬੱਡੀ’ ਨਾਲ ਜੁੜੇ ਹੋਏ ਸਨ, ਜਿਸ ਦਾ ਸੰਚਾਲਨ ਸੰਦੀਪ ਨੰਗਲ ਨੇ ਕੀਤਾ। ਸਨਾਵਰ ਨੇ ਵੀ ਸੰਦੀਪ ਨੂੰ ਆਪਣੀ ਲੀਗ ਲਈ ਸੱਦਾ ਦਿੱਤਾ, ਪਰ ਸੰਦੀਪਨੇ ਇਨਕਾਰ ਕਰ ਦਿੱਤਾ ਹੈ। ਪੁੱਛਗਿੱਛ ਦੌਰਾਨ ਫਤਿਹ ਨੇ ਦੱਸਿਆ ਕਿ ਸਨਾਵਰ ਨੇ ਕੁਝ ਖਿਡਾਰੀਆਂ ‘ਤੇ ਫੈਡਰੇਸ਼ਨ ‘ਚ ਸ਼ਾਮਲ ਹੋਣ ਲਈ ਦਬਾਅ ਵੀ ਪਾਇਆ ਪਰ ਕੋਈ ਵੀ ਤਿਆਰ ਨਹੀਂ ਹੋਇਆ। ਇਸ ਕਾਰਨ ਢਿੱਲੋਂ ਦੀ ਫੈਡਰੇਸ਼ਨ ਫੇਲ੍ਹ ਹੋ ਗਈ। ਸਨਾਵਰ ਫੈਡਰੇਸ਼ਨ ਦੀ ਨਾਕਾਮੀ ਨੂੰ ਬਰਦਾਸ਼ਤ ਨਹੀਂ ਕਰ ਸਕੇ। ਇਸ ਦੁਸ਼ਮਣੀ ਵਿੱਚ ਉਸ ਨੇ ਜਗਜੀਤ ਗਾਂਧੀ ਅਤੇ ਸੁਖਵਿੰਦਰ ਸੁੱਖਾ ਨਾਲ ਮਿਲ ਕੇ ਸੰਦੀਪ ਅੰਬੀਆ ਨੂੰ ਮਾਰਨ ਦੀ ਸਾਜ਼ਿਸ਼ ਰਚੀ। ਸਨਾਵਰ ਢਿੱਲੋਂ ਭਾਵੇਂ ਅੰਮ੍ਰਿਤਸਰ ਦਾ ਵਸਨੀਕ ਹੈ ਪਰ ਪਿਛਲੇ ਕੁਝ ਸਾਲਾਂ ਤੋਂ ਉਹ ਕੈਨੇਡਾ ਦੇ ਬਰੈਂਪਟਨ (ਓਨਟਾਰੀਓ) ਵਿੱਚ ਰਹਿ ਰਿਹਾ ਹੈ। ਉਹ ਇੱਕ ਕੈਨੇਡੀਅਨ ਟੀਵੀ ਅਤੇ ਰੇਡੀਓ ਸ਼ੋਅ ਦਾ ਨਿਰਮਾਤਾ-ਨਿਰਦੇਸ਼ਕ ਹੈ। ਸੁਖਵਿੰਦਰ ਸਿੰਘ ਉਰਫ ਸੁੱਖਾ ਦੁੱਨੇਕੇ ਉਰਫ ਸੁੱਖ ਸਿੰਘ ਪਿੰਡ ਦੁੱਨੇਕੇ ਮੋਗਾ ਦਾ ਰਹਿਣ ਵਾਲਾ ਹੈ। ਉਹ ਵੀ ਪਿਛਲੇ ਕਈ ਸਾਲਾਂ ਤੋਂ ਕੈਨੇਡਾ ਵਿੱਚ ਹੈ। ਜਦੋਂ ਕਿ ਤੀਜਾ ਜਗਜੀਤ ਸਿੰਘ ਉਰਫ ਗਾਂਧੀ ਵਾਸੀ ਡੇਹਲੋਂ, ਲੁਧਿਆਣਾ ਦਾ ਰਹਿਣ ਵਾਲਾ ਹੈ। ਇਸ ਸਮੇਂ ਗਾਂਧੀ ਮਲੇਸ਼ੀਆ ਵਿੱਚ ਰਹਿੰਦਾ ਹੈ।
ਨਕੋਦਰ ਦੇ ਪਿੰਡ ਮੱਲੀਆਂ ਵਿੱਚ ਚੱਲ ਰਹੇ ਕਬੱਡੀ ਮੈਚ ਦੌਰਾਨ ਕੌਮਾਂਤਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਦਾ ਕਤਲ ਕਰਨ ਵਾਲੇ ਗੈਂਗਸਟਰਾਂ ਨੇ ਹੀ ਇਸ ਤੋਂ ਪਹਿਲਾਂ ਜਲੰਧਰ ਵਿੱਚ ਸਾਬਕਾ ਕੌਂਸਲਰ ਸੁਖਮੀਤ ਉਰਫ਼ ਡਿਪਟੀ ਦਾ ਕਤਲ ਕਰ ਦਿੱਤਾ ਸੀ। ਇਸੇ ਗਿਰੋਹ ਨੇ ਬਠਿੰਡਾ ਵਿੱਚ ਮਰਹੂਮ ਕੁਲਵੀਰ ਨਰੂਆਣਾ ਨਾਲ ਸਬੰਧਤ ਦੋ ਵਿਅਕਤੀਆਂ ਦਾ ਵੀ ਕਤਲ ਕੀਤਾ ਸੀ। ਬੰਬੀਹਾ ਗਰੁੱਪ ਦੇ ਇਸ਼ਾਰੇ ‘ਤੇ ਮਨਪ੍ਰੀਤ ਸਿੰਘ ਛੱਲਾ ਨੇ ਗੁਰਦੁਆਰਾ ਸਾਹਿਬ ਲਹਿਰਾਖਾਨਾ ਦੇ ਬਾਹਰ ਆਪਣੇ ਸਾਥੀ ਵਿੱਕੀ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਪੁਲਿਸ ਪੁੱਛਗਿੱਛ ਦੌਰਾਨ ਹਰਿਆਣਾ ਦੇ ਗੁੜਗਾਓਂ ਦੇ ਗੈਂਗਸਟਰ ਵਿਕਾਸ ਦਹੀਆ ਉਰਫ਼ ਵਿਕਾਸ ਮਾਹਲੇ ਨੇ ਕਬੂਲ ਕੀਤਾ ਕਿ ਉਸ ਨੇ ਜਲੰਧਰ ਦੇ ਕਾਰਪੋਰੇਟਰ ਸੁਖਮੀਤ ਉਰਫ਼ ਡਿਪਟੀ ਅਤੇ ਬਠਿੰਡਾ ਵਿੱਚ ਕੁਲਵੀਰ ਨਰੂਆਣਾ ਗੈਂਗ ਦੇ ਮਨਪ੍ਰੀਤ ਛੱਲਾ ਅਤੇ ਵਿੱਕੀ ਦਾ ਵੀ ਕਤਲ ਕੀਤਾ ਹੈ। ਉਸ ਨੇ ਬੰਬੀਹਾ ਗਰੁੱਪ ਦੇ ਇਸ਼ਾਰੇ ‘ਤੇ ਬਠਿੰਡਾ ‘ਚ ਕਤਲ ਕੀਤੇ ਸਨ, ਜਦਕਿ ਡਿਪਟੀ ਦਾ ਕਤਲ ਸੁਪਾਰੀ ਲੈਕੇ ਕੀਤਾ ਗਿਆ ਸੀ।