ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀਰਵਾਰ ਨੂੰ ਦਿੱਲੀ ਵਿੱਚ ਰਾਜ ਸਭਾ ਮੈਂਬਰ ਸੰਜੇ ਸਿੰਘ ਦੇ ਧਰਨੇ ਵਿੱਚ ਪੁੱਜੇ। ਉਨ੍ਹਾਂ ਕਿਹਾ ਕਿ ਭਾਜਪਾ ਵੱਲੋਂ ਵਿਰੋਧ ਨੂੰ ਨਜ਼ਰਅੰਦਾਜ਼ ਕਰਨਾ ਕੋਈ ਨਵੀਂ ਗੱਲ ਨਹੀਂ ਹੈ। ਵਿਰੋਧੀ ਧਿਰ ਨੂੰ ਨਜ਼ਰਅੰਦਾਜ਼ ਕਰਨਾ ਅਤੇ ਰੌਲੇ-ਰੱਪੇ ਵਿਚ ਬਿੱਲ ਪਾਸ ਕਰਵਾਉਣਾ ਭਾਜਪਾ ਦੀ ਰਵਾਇਤ ਰਹੀ ਹੈ। ਸੀ.ਐਮ. ਨੇ ਕਿਹਾ ਕਿ ਜਮਹੂਰੀਅਤ ਦੀ ਆਵਾਜ਼ ਨੂੰ ਦਬਾਉਣਾ ਠੀਕ ਨਹੀਂ ਹੈ। ਇਸ ਦੌਰਾਨ ਸੰਸਦ ਮੈਂਬਰ ਸੰਜੇ ਸਿੰਘ ਅਤੇ ਰਾਘਵ ਚੱਢਾ ਨੇ ਕਾਲੇ ਕੱਪੜੇ ਪਾ ਕੇ ਰੋਸ ਪ੍ਰਗਟ ਕੀਤਾ।
ਸੀਐਮ ਮਾਨ ਨੇ ਕਿਹਾ ਕਿ ਨਫ਼ਰਤ ਦੀ ਰਾਜਨੀਤੀ ਦੇਸ਼ ਲਈ ਘਾਤਕ ਸਾਬਤ ਹੋਵੇਗੀ ਕਿਉਂਕਿ ਮਨੀਪੁਰ ਵਿੱਚ ਹਿੰਸਾ ਨਫ਼ਰਤ ਦੀ ਰਾਜਨੀਤੀ ਦਾ ਹਿੱਸਾ ਹੈ। ਮਨੀਪੁਰ ਦਾ ਰਾਜਪਾਲ ਕੇਂਦਰ ਸਰਕਾਰ ਦਾ ਪ੍ਰਤੀਨਿਧੀ ਹੈ। ਉਨ੍ਹਾਂ ਸਵਾਲ ਕੀਤਾ ਕਿ ਉਥੇ ਗਵਰਨਰ ਕੀ ਕਰ ਰਹੇ ਹਨ, ਜਦਕਿ ਪੰਜਾਬ ‘ਚ ਮਾਮੂਲੀ ਘਟਨਾਵਾਂ ‘ਤੇ ਵੀ ਰਾਜਪਾਲ ਪੱਤਰ ਜਾਰੀ ਕਰ ਦਿੰਦੇ ਹਨ। ਮਨੀਪੁਰ ਹਿੰਸਾ ‘ਤੇ ਕੇਂਦਰ ਸਰਕਾਰ ਚੁੱਪ ਧਾਰੀ ਬੈਠੀ ਹੈ।
ਮਾਨ ਨੇ ਕਿਹਾ ਕਿ ਮਨੀਪੁਰ ‘ਚ ਨਿੱਤ ਦਿਨ ਜਾਨਲੇਵਾ ਹਿੰਸਾ ਹੋ ਰਹੀ ਹੈ। ਸੁਪਰੀਮ ਕੋਰਟ ਨੂੰ ਇਸ ‘ਤੇ ਸੂ-ਮੋਟੋ ਲੈ ਕੇ ਰਾਸ਼ਟਰਪਤੀ ਰਾਜ ਲਾਗੂ ਕਰਨਾ ਚਾਹੀਦਾ ਹੈ। ਜੇਕਰ ਸੁਪਰੀਮ ਕੋਰਟ ਸੂ-ਮੋਟੋ ਲੈ ਰਹੀ ਹੈ ਤਾਂ ਰਾਸ਼ਟਰਪਤੀ ਨੂੰ ਵੀ ਸੂ-ਮੋਟੋ ਲੈਣਾ ਚਾਹੀਦਾ ਹੈ। ਸੀਐਮ ਮਾਨ ਨੇ ਕਿਹਾ ਕਿ ਜਦੋਂ ਮਨੀਪੁਰ ਵਿੱਚ ਹਿੰਸਾ ਹੋ ਰਹੀ ਸੀ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਪਾਨ, ਯੂਏਈ ਅਤੇ ਅਮਰੀਕਾ ਦਾ ਦੌਰਾ ਕਰ ਰਹੇ ਸਨ।