ਬੀਤੇ ਦਿਨੀ ਚੰਡੀਗੜ੍ਹ ਆਮ ਆਦਮੀ ਪਾਰਟੀ ਦੇ ਕੌਂਸਲਰ ਦੀ ਵਿਰੋਧੀ ਧਿਰਾਂ ਨਾਲ ਬਹਿਸਬਾਜ਼ੀ ਹੋਈ ਸੀ ਜਿਸ ਨਾਲ ਨਗਰ ਨਿਗਮ ‘ਚ ਵੱਡਾ ਹੰਗਾਮਾ ਵੇਖਣ ਨੂੰ ਮਿਲਿਆ ਸੀ। ਹੁਣ ਇਹ ਮਾਮਲਾ ਹੋਰ ਵੀ ਭਖਦਾ ਜਾ ਰਿਹਾ ਹੈ ਕਿਉਂਕਿ ਸੰਸਦ ਮੈਂਬਰ ਕਿਰਨ ਖੇਰ ਵਿਰੁੱਧ ਆਮ ਆਦਮੀ ਪਾਰਟੀ ਦੇ ਕੌਂਸਲਰ ਜਸਬੀਰ ਸਿੰਘ ਲਾਡੀ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਕੋਲ ਸ਼ਿਕਾਇਤ ਕੀਤੀ ਜਾਵੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਸੰਸਦ ਮੈਂਬਰ ਕਿਰਨ ਖੇਰ ਨੇ ਉਨ੍ਹਾਂ ਦੇ ਧਾਰਮਿਕ ਚਿੰਨ੍ਹ ‘ਤੇ ਗਲਤ ਟਿੱਪਣੀ ਕੀਤੀ ਅਤੇ ਗਾਲ੍ਹਾਂ ਵੀ ਕੱਢੀਆਂ ਹਨ।
ਮਿਲੀ ਜਾਣਕਾਰੀ ਮੁਤਾਬਿਕ ਆਮ ਆਦਮੀ ਪਾਰਟੀ ਦੇ ਕੌਂਸਲਰ ਵੱਲੋਂ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਇਹ ਸ਼ਿਕਾਇਤ ਦਿੱਤੀ ਜਾਵੇਗੀ। ਨਾਲ ਹੀ ਪੰਜਾਬ ਦੇ ਗਵਰਨਰ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀਲਾਲ ਪੁਰੋਹਿਤ ਨੂੰ ਵੀ ਕਿਰਨ ਖੇਰ ਦੇ ਖਿਲਾਫ ਕਾਰਵਾਈ ਕਰਨ ਦੇ ਲਈ ਮੈਮੋਰੰਡਮ ਵੀ ਸੌਂਪਿਆ ਜਾਵੇਗਾ।
ਇਸ ਤੋਂ ਇਲਾਵਾ ਹੰਗਾਮੇ ਦੌਰਾਨ ਦਾ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ ਜਿਸ ‘ਚ ਸੰਸਦ ਮੈਂਬਰ ਕਿਰਨ ਖੇਰ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਗਾਲ੍ਹਾਂ ਵੀ ਦਿੰਦੇ ਹੋਏ ਨਜ਼ਰ ਆ ਰਹੀ ਹੈ।