ਹਥਿਆਰਾਂ ਉੱਪਰ ਸ਼ਿਕੰਜਾ ਕੱਸਣ ਮਗਰੋਂ ‘ਆਪ’ ਸਰਕਾਰ ਦੇ ਆਪਣੇ ਹੀ ਲੀਡਰ ਬੂਰੀ ਤਰ੍ਹਾਂ ਘਿਰਦੇ ਵਿਖਾਈ ਦੇ ਰਹੇ ਹਨ। ਸੋਸ਼ਲ ਮੀਡੀਆ ਉੱਪਰ ਆਮ ਆਦਮੀ ਪਾਰਟੀ ਦੇ ਕਈ ਲੀਡਰਾਂ ਦੀਆਂ ਹਥਿਆਰਾਂ ਨਾਲ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਪਿਛਲੇ ਦਿਨੀਂ ਪੰਜਾਬ ਦੇ ਸਾਬਕਾ ਮੰਤਰੀ ਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਵੀ ਹਥਿਆਰਾਂ ਨਾਲ ਪੁਰਾਣੀ ਫੋਟੋ ਸ਼ੇਅਰ ਕਰਕੇ ਸਵਾਲ ਉਠਾਏ ਸੀ।
ਹੁਣ ਮਜੀਠੀਆ ਨੇ ਮੰਗ ਕੀਤੀ ਹੈ ਕਿ ‘ਆਪ’ ਸਰਕਾਰ ਦੀ ਨਵੀਂ ਨੀਤੀ ਤਹਿਤ ਗੰਨ ਕਲਚਰ ਦਾ ਪ੍ਰਚਾਰ ਕਰਨ ਦੇ ਦੋਸ਼ ਹੇਠ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇ। ਮਜੀਠੀਆ ਨੇ ਕਿਹਾ ਕਿ ਭਾਵੇਂ ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਲੋਕਾਂ ਨੂੰ ਆਪੋ ਆਪਣੇ ਸੋਸ਼ਲ ਮੀਡੀਆ ਖਾਤਿਆਂ ਤੋਂ ਗੰਨ ਕਲਚਰ ਦੀਆਂ ਸਾਰੀਆਂ ਤਸਵੀਰਾਂ ਹਟਾਉਣ ਲਈ 72 ਘੰਟੇ ਦਾ ਸਮਾਂ ਦਿੱਤਾ ਸੀ, ਪਰ ਅਨਮੋਲ ਗਗਨ ਮਾਨ ਨੇ ਇਸ ਚਿਤਾਵਨੀ ਦੀ ਪ੍ਰਵਾਹ ਨਹੀਂ ਕੀਤੀ, ਜਿਸ ਕਾਰਨ ਮੰਤਰੀ ਖ਼ਿਲਾਫ਼ ਫੌਰੀ ਕਾਰਵਾਈ ਹੋਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਅਜਿਹਾ ਕਰਨਾ ਇਸ ਲਈ ਵੀ ਜ਼ਰੂਰੀ ਹੈ ਕਿਉਂਕਿ ਇਹ ਸਪੱਸ਼ਟ ਸੁਨੇਹਾ ਮਿਲਣਾ ਚਾਹੀਦਾ ਹੈ ਕਿ ਪੰਜਾਬ ਵਿੱਚ ਕਿਸੇ ਵੀ ‘ਖਾਸ ਆਦਮੀ’ ਲਈ ਕਾਨੂੰਨ ਵੱਖ ਨਹੀਂ ਹਨ। ਮਜੀਠੀਆ ਨੇ ਕਾਨੂੰਨ ਤੇ ਵਿਵਸਥਾ ਨੂੰ ਦਰੁਸਤ ਕਰਨ ਲਈ ਢੁਕਵੀਂ ਕਾਰਵਾਈ ਕਰਨ ਦੀ ਥਾਂ ਸਰਕਾਰ ਗੰਨ ਕਲਚਰ ਖ਼ਿਲਾਫ਼ ਚਲਾਈ ਮੁਹਿੰਮ ਵਰਗੀਆਂ ਵਿੱਢ ਕੇ ਨਾਬਾਲਗਾਂ ’ਤੇ ਪਰਚੇ ਦਰਜ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਲੋਕਾਂ ਨੂੰ ਮਜਬੂਰ ਕਰ ਰਹੀ ਹੈ ਕਿ ਉਹ ਬੰਦੂਕਾਂ ਦੇ ਲਾਇਸੰਸ ਲੈਣ ਲਈ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀਆਂ ਨੂੰ 20 ਤੋਂ 30 ਹਜ਼ਾਰ ਰੁਪਏ ਦੇਣ।