ਹਰਿਆਣਾ ਸਰਕਾਰ ਨੇ ਬੁੱਧਵਾਰ ਨੂੰ ਕਿਹਾ ਕਿ ਫਿਰਕੂ ਝੜਪਾਂ ਦੇ ਮੱਦੇਨਜ਼ਰ ਸ਼ਾਂਤੀ ਅਤੇ ਜਨਤਕ ਵਿਵਸਥਾ ‘ਚ ਕਿਸੇ ਵੀ ਤਰ੍ਹਾਂ ਦੀ ਗੜਬੜੀ ਨੂੰ ਰੋਕਣ ਦੇ ਉਦੇਸ਼ ਨਾਲ ਨੂੰਹ ਅਤੇ ਸੂਬੇ ਦੇ ਕੁਝ ਹੋਰ ਸਥਾਨਾਂ ‘ਤੇ ਮੋਬਾਈਲ ਇੰਟਰਨੈਟ ਅਤੇ ਐਸਐਮਐਸ ਸੇਵਾਵਾਂ 5 ਅਗਸਤ ਤੱਕ ਮੁਅੱਤਲ ਰਹਿਣਗੀਆਂ। ਨੂੰਹ ਤੋਂ ਇਲਾਵਾ ਫਰੀਦਾਬਾਦ, ਪਲਵਲ ਅਤੇ ਗੁਰੂਗ੍ਰਾਮ ਜ਼ਿਲ੍ਹਿਆਂ ਦੇ ਸੋਹਨਾ, ਪਟੌਦੀ ਅਤੇ ਮਾਨੇਸਰ ਉਪ ਮੰਡਲਾਂ ਵਿੱਚ ਇਹ ਸੇਵਾਵਾਂ ਬੰਦ ਰਹਿਣਗੀਆਂ। ਸਰਕਾਰ ਨੇ ਫਿਰਕੂ ਤਣਾਅ ਅਤੇ ਜਨਤਕ ਸ਼ਾਂਤੀ ਭੰਗ ਹੋਣ ਦੇ ਮੱਦੇਨਜ਼ਰ ਸੋਮਵਾਰ ਸ਼ਾਮ 4 ਵਜੇ ਤੋਂ ਨੂੰਹ ਜ਼ਿਲ੍ਹੇ ਵਿੱਚ ਮੋਬਾਈਲ ਇੰਟਰਨੈਟ ਅਤੇ ਐਸਐਮਐਸ ਸੇਵਾਵਾਂ ਨੂੰ ਮੁਅੱਤਲ ਕਰਨ ਦੇ ਹੁਕਮ ਦਿੱਤੇ ਸਨ ਅਤੇ ਬਾਅਦ ਵਿੱਚ ਕੁਝ ਹੋਰ ਹਿੱਸਿਆਂ ਵਿੱਚ 2 ਅਗਸਤ ਤੱਕ ਬੰਦ ਕਰ ਦਿੱਤੇ ਸਨ। ਦਸ ਦਈਏ ਕਿ ਸੋਮਵਾਰ ਨੂੰ ਨੂੰਹ ਵਿਚ ਇਕ ਧਾਰਮਿਕ ਯਾਤਰਾ ਦੌਰਾਨ ਪੱਥਰਬਾਜ਼ੀ ਅਤੇ ਕਾਰਾਂ ਨੂੰ ਅੱਗ ਲਾਉਣ ਤੋਂ ਬਾਅਦ ਕਈ ਥਾਵਾਂ ‘ਤੇ ਹਿੰਸਾ ਭੜਕ ਗਈ।
ਮੋਬਾਈਲ ਇੰਟਰਨੈਟ ਅਤੇ ਐਸਐਮਐਸ ਸੇਵਾਵਾਂ ਦੀ ਮੁਅੱਤਲੀ ਨੂੰ 5 ਅਗਸਤ ਤੱਕ ਵਧਾਉਣ ਦਾ ਆਦੇਸ਼ ਵਧੀਕ ਮੁੱਖ ਸਕੱਤਰ (ਗ੍ਰਹਿ) ਟੀਵੀਐਸਐਨ ਪ੍ਰਸਾਦ ਨੇ ਬੁੱਧਵਾਰ ਸ਼ਾਮ ਨੂੰ ਜਾਰੀ ਕੀਤਾ। ਹੁਕਮਾਂ ਦੇ ਅਨੁਸਾਰ, “ਇਸ ਹੁਕਮ ਦੀ ਮਿਆਦ ਵਿੱਚ ਸ਼ਾਂਤੀ ਅਤੇ ਜਨਤਕ ਵਿਵਸਥਾ ਵਿੱਚ ਕਿਸੇ ਵੀ ਵਿਘਨ ਨੂੰ ਰੋਕਣ ਲਈ ਹਰਿਆਣਾ ਸੂਬੇ ਦੇ ਨੂੰਹ, ਫਰੀਦਾਬਾਦ, ਪਲਵਲ ਜ਼ਿਲ੍ਹਿਆਂ ਅਤੇ ਜ਼ਿਲ੍ਹਾ ਗੁਰੂਗ੍ਰਾਮ ਦੇ ਸੋਹਨਾ, ਪਟੌਦੀ ਅਤੇ ਮਾਨੇਸਰ ਉਪ ਮੰਡਲਾਂ ਦੇ ਅਧਿਕਾਰ ਖੇਤਰ ਵਿੱਚ ਵਾਧਾ ਕੀਤਾ ਗਿਆ ਹੈ ਅਤੇ ਇਹ 5 ਅਗਸਤ, 2023 (ਰਾਤ 11.59 ਵਜੇ) ਤੱਕ ਲਾਗੂ ਰਹੇਗਾ।”
ਹੁਕਮਾਂ ਵਿੱਚ ਕਿਹਾ ਗਿਆ ਹੈ, “ਨੂੰਹ, ਫਰੀਦਾਬਾਦ, ਪਲਵਲ ਅਤੇ ਗੁਰੂਗ੍ਰਾਮ ਦੇ ਡਿਪਟੀ ਕਮਿਸ਼ਨਰਾਂ ਦੁਆਰਾ ਮੇਰੇ ਧਿਆਨ ਵਿੱਚ ਲਿਆਂਦਾ ਗਿਆ ਹੈ ਕਿ ਕਾਨੂੰਨ ਅਤੇ ਵਿਵਸਥਾ ਦੀ ਸਥਿਤੀ ਦੀ ਸਮੀਖਿਆ ਕੀਤੀ ਗਈ ਹੈ ਅਤੇ ਦੱਸਿਆ ਗਿਆ ਹੈ ਕਿ ਉਨ੍ਹਾਂ ਦੇ ਸਬੰਧਤ ਜ਼ਿਲ੍ਹਿਆਂ ਵਿੱਚ ਸਥਿਤੀ ਅਜੇ ਵੀ ਗੰਭੀਰ ਅਤੇ ਤਣਾਅਪੂਰਨ ਹੈ। ਇਸ ਵਿੱਚ ਅੱਗੇ ਕਿਹਾ ਗਿਆ ਹੈ, “ਇਸ ਲਈ, ਮੋਬਾਈਲ ਫੋਨ ਅਤੇ ਐਸਐਮਐਸ ‘ਤੇ ਵਟਸਐਪ, ਫੇਸਬੁੱਕ, ਟਵਿੱਟਰ ਆਦਿ ਵਰਗੇ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਗਲਤ ਜਾਣਕਾਰੀ ਅਤੇ ਅਫਵਾਹਾਂ ਫੈਲਾਉਣ, ਅੰਦੋਲਨਕਾਰੀਆਂ ਅਤੇ ਪ੍ਰਦਰਸ਼ਨਕਾਰੀਆਂ ਦੀ ਲਾਮਬੰਦੀ ਨੂੰ ਰੋਕਣ ਲਈ ਮੋਬਾਈਲ ਇੰਟਰਨੈਟ ਮੁਅੱਤਲੀ ਦੀ ਸੀਮਾ ਵਧਾਈ ਜਾ ਰਹੀ ਹੈ। ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਅੱਗਜ਼ਨੀ ਜਾਂ ਤੋੜ-ਫੋੜ ਅਤੇ ਹੋਰ ਕਿਸਮ ਦੀਆਂ ਹਿੰਸਕ ਗਤੀਵਿਧੀਆਂ ਜਾਨ-ਮਾਲ ਦਾ ਗੰਭੀਰ ਨੁਕਸਾਨ ਅਤੇ ਜਨਤਕ ਅਤੇ ਨਿੱਜੀ ਜਾਇਦਾਦ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ।