ਹਰਿਆਣਾ ਸਰਕਾਰ ਦੇ ਸਾਬਕਾ ਖੇਡ ਮੰਤਰੀ ਸੰਦੀਪ ਸਿੰਘ ਜਿਨਸੀ ਸ਼ੋਸ਼ਣ ਮਾਮਲੇ ਵਿੱਚ ਚੰਡੀਗੜ੍ਹ ਪੁਲਿਸ ਨੇ 8 ਮਹੀਨਿਆਂ ਬਾਅਦ ਜ਼ਿਲ੍ਹਾ ਅਦਾਲਤ ਵਿੱਚ ਚਾਰਜਸ਼ੀਟ ਪੇਸ਼ ਕੀਤੀ ਹੈ। ਚਾਰਜਸ਼ੀਟ ‘ਚ ਪੁਲਸ ਨੇ ਮੰਤਰੀ ਖਿਲਾਫ ਸਿਰਫ ਛੇੜਛਾੜ ਦੀ ਗੱਲ ਕਹੀ ਹੈ, ਜਦਕਿ ਰੇਪ ਅਟੈਂਪਟ (Rape Attempt) ਦੀ ਧਾਰਾ 376 ਨੂੰ ਸ਼ਾਮਲ ਨਹੀਂ ਕੀਤਾ ਹੈ, ਜਿਸ ‘ਤੇ ਜੂਨੀਅਰ ਮਹਿਲਾ ਕੋਚ ਨੇ ਇਤਰਾਜ਼ ਕੀਤਾ ਹੈ। ਕੋਚ ਦੇ ਵਕੀਲ ਦਾ ਕਹਿਣਾ ਹੈ ਕਿ ਉਹ Rape Attempt ਦੀ ਧਾਰਾ ਜੋੜਨ ਲਈ ਅਦਾਲਤ ਵਿੱਚ ਅਪੀਲ ਕਰਨਗੇ। ਹੁਣ ਇਸ ਪੂਰੇ ਮਾਮਲੇ ਦੀ ਸੁਣਵਾਈ ਅਦਾਲਤ ‘ਚ ਹੋਵੇਗੀ। ਦੋਸ਼ ਆਇਦ ਹੋਣ ਤੋਂ ਬਾਅਦ ਹਰਿਆਣਾ ਦੇ ਸਾਬਕਾ ਖੇਡ ਮੰਤਰੀ ਸੰਦੀਪ ਸਿੰਘ ਵਿਰੁੱਧ ਅਪਰਾਧਿਕ ਮੁਕੱਦਮਾ ਚਲਾਇਆ ਜਾਵੇਗਾ।
ਚੰਡੀਗੜ੍ਹ ਪੁਲਿਸ ਨੇ ਇਸ ਚਾਰਜਸ਼ੀਟ ਵਿੱਚ ਸ਼ਿਕਾਇਤਕਰਤਾ, ਜੂਨੀਅਰ ਮਹਿਲਾ ਕੋਚ ਅਤੇ ਸੰਦੀਪ ਸਿੰਘ ਵਿਚਾਲੇ ਸੋਸ਼ਲ ਮੀਡੀਆ ਚੈਟ ਨੂੰ ਵੀ ਸ਼ਾਮਲ ਕੀਤਾ ਹੈ। ਪੁਲਿਸ ਵੱਲੋਂ ਇਹ ਚਲਾਨ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਅਮਨ ਇੰਦਰ ਸਿੰਘ ਸੰਧੂ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ। ਚੰਡੀਗੜ੍ਹ ਪੁਲਿਸ ਨੇ ਇਸ ਮਾਮਲੇ ਵਿੱਚ ਮਹਿਲਾ ਕੋਚ ਦੇ ਮੋਬਾਈਲ ਫੋਨ ਦਾ ਡਾਟਾ ਹਾਸਲ ਕੀਤਾ ਸੀ। ਮੋਬਾਈਲ ਦੀ ਫੋਰੈਂਸਿਕ ਅਤੇ ਸਾਈਬਰ ਮਾਹਿਰਾਂ ਦੀ ਜਾਂਚ ਤੋਂ ਬਾਅਦ ਫੋਨ ਅਤੇ ਸੋਸ਼ਲ ਮੀਡੀਆ ‘ਤੇ ਹੋਈ ਚੈਟ ਦਾ ਡਾਟਾ ਬਰਾਮਦ ਕੀਤਾ ਗਿਆ। ਜਾਂਚ ਲਈ ਮੰਤਰੀ ਦੇ ਦੋ ਮੋਬਾਈਲ ਫ਼ੋਨ ਵੀ ਜ਼ਬਤ ਕਰ ਲਏ ਗਏ ਹਨ। ਮਹਿਲਾ ਮੁਤਾਬਕ ਖੇਡ ਮੰਤਰੀ ਨੇ ਉਸ ਨੂੰ ਕਿਹਾ ਸੀ ਕਿ ਉਹ ਉਹਨਾਂ ਖੁਸ਼ ਰੱਖੇ ਅਤੇ ਉਹ ਉਸ ਨੂੰ ਖੁਸ਼ ਰੱਖੇਗਾ। ਮਹਿਲਾ ਕੋਚ ਨੇ ਪਿਛਲੇ ਸਾਲ ਦਸੰਬਰ ਵਿੱਚ ਚੰਡੀਗੜ੍ਹ ਪੁਲਿਸ ਨੂੰ ਆਪਣੀ ਸ਼ਿਕਾਇਤ ਦਿੱਤੀ ਸੀ।
ਪੀੜਤ ਮਹਿਲਾ ਕੋਚ ਦੇ ਵਕੀਲ ਦੀਪਾਂਸ਼ੂ ਬਾਂਸਲ ਨੇ ਚੰਡੀਗੜ੍ਹ ਪੁਲਿਸ ਵੱਲੋਂ ਸੰਦੀਪ ਸਿੰਘ ਖ਼ਿਲਾਫ਼ ਕੇਸ ਵਿੱਚ ਪੇਸ਼ ਕੀਤੀ ਚਾਰਜਸ਼ੀਟ ’ਤੇ ਸਵਾਲ ਖੜ੍ਹੇ ਕੀਤੇ ਹਨ। ਉਹਨਾਂ ਦਾ ਕਹਿਣਾ ਹੈ ਕਿ ਪੁਲਿਸ ਨੇ ਇਸ ਮਾਮਲੇ ਵਿੱਚ ਬਲਾਤਕਾਰ ਦੀ ਕੋਸ਼ਿਸ਼ ਦੇ ਸਬੰਧ ਵਿੱਚ ਆਈਪੀਸੀ ਦੀ ਧਾਰਾ 376 ਅਤੇ 511 ਨਹੀਂ ਜੋੜੀ ਹੈ। ਇਨ੍ਹਾਂ ਧਾਰਾਵਾਂ ਨੂੰ ਜੋੜਨ ਲਈ, ਉਹ ਦੋਸ਼ ਤੈਅ ਕਰਨ ਦੀ ਕਾਰਵਾਈ ਬਾਰੇ ਅਦਾਲਤ ਦੀ ਸੁਣਵਾਈ ਵਿੱਚ ਬਹਿਸ ਕਰੇਗਾ।