ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲੇ ਦੀ ਗਡਸਾ ਘਾਟੀ ‘ਚ ਸਵੇਰੇ ਕਰੀਬ 4 ਵਜੇ ਦੇ ਬੱਦਲ ਫਟਣ ਦੀ ਸੂਚਨਾ ਪ੍ਰਾਪਤ ਹੋਈ ਜਿਸ ਨਾਲ ਕਾਫੀ ਤਬਾਹੀ ਮਚ ਗਈ ਹੈ। ਇਸ ਕਾਰਨ ਪੰਜ ਘਰ ਪੂਰੀ ਤਰ੍ਹਾਂ ਨੁਕਸਾਨੇ ਗਏ, ਜਦਕਿ 15 ਤੋਂ ਵੱਧ ਘਰਾਂ ਨੂੰ ਅੰਸ਼ਕ ਤੌਰ ‘ਤੇ ਨੁਕਸਾਨ ਪੁੱਜਾ। ਬੱਦਲ ਫਟਣ ਤੋਂ ਬਾਅਦ ਗਡਸਾ ਨਾਲੇ ‘ਚ ਹੜ੍ਹ ਆ ਗਿਆ ਹੈ। ਇਸ ਕਾਰਨ ਤਿੰਨ ਪੁਲ ਵੀ ਨਾਲੇ ਵਿੱਚ ਰੁੜ੍ਹ ਗਏ। ਕੁਝ ਪਸ਼ੂਆਂ ਦੇ ਵਹਿ ਜਾਣ ਦੀ ਵੀ ਖ਼ਬਰ ਸਾਹਮਣੇ ਆਈ ਹੈ। ਹੜ੍ਹ ਤੋਂ ਬਾਅਦ ਸੰਪਰਕ ਮਾਰਗ ਪੂਰੀ ਤਰ੍ਹਾਂ ਨੁਕਸਾਨਿਆ ਜਾ ਚੁੱਕਾ ਹੈ। ਇਸ ਕਾਰਨ ਇਲਾਕੇ ਦੇ ਲੋਕਾਂ ਦਾ ਜ਼ਿਲ੍ਹਾ ਹੈੱਡਕੁਆਰਟਰ ਨਾਲ ਸੰਪਰਕ ਟੁੱਟ ਗਿਆ ਹੈ। ਗੜਸਾ ਘਾਟੀ ਵਿੱਚ ਭੇਡਾਂ ਦੇ ਖੇਤਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ।
ਡੀਸੀ ਕੁੱਲੂ ਆਸ਼ੂਤੋਸ਼ ਗਰਗ ਨੇ ਦੱਸਿਆ ਕਿ ਬੱਦਲ ਫਟਣ ਕਾਰਨ ਪੰਜ ਘਰ ਪੂਰੀ ਤਰ੍ਹਾਂ ਨਾਲ ਨੁਕਸਾਨੇ ਗਏ ਅਤੇ 15 ਘਰਾਂ ਨੂੰ ਅੰਸ਼ਕ ਤੌਰ ’ਤੇ ਨੁਕਸਾਨ ਪੁੱਜਾ। ਉਨ੍ਹਾਂ ਕਿਹਾ ਕਿ ਕਈ ਮਾਰਗਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਬੱਦਲ ਫਟਣ ਕਾਰਨ ਨਿੱਜੀ ਅਤੇ ਸਰਕਾਰੀ ਜ਼ਮੀਨਾਂ ਨੂੰ ਵੀ ਨੁਕਸਾਨ ਪੁੱਜਾ ਹੈ।
ਇਸ ਦੇ ਨਾਲ ਹੀ ਮੌਸਮ ਵਿਗਿਆਨ ਕੇਂਦਰ ਨੇ ਅਗਲੇ 4 ਦਿਨਾਂ ਤੱਕ ਭਾਰੀ ਮੀਂਹ ਦਾ ਅਲਰਟ ਦਿੱਤਾ ਹੈ। ਤਾਜ਼ਾ ਬੁਲੇਟਿਨ ਵਿੱਚ, ਕੱਲ੍ਹ ਅਤੇ ਪਰਸੋਂ ਲਈ ਔਰੇਂਜ ਅਲਰਟ ਦਿੱਤਾ ਗਿਆ ਹੈ। ਇਸ ਦੌਰਾਨ ਕੁਝ ਥਾਵਾਂ ‘ਤੇ ਭਾਰੀ ਮੀਂਹ ਅਤੇ ਬੱਦਲ ਫਟਣ ਵਰਗੀਆਂ ਘਟਨਾਵਾਂ ਵਾਪਰ ਸਕਦੀਆਂ ਹਨ। ਇਸ ਦੇ ਮੱਦੇਨਜ਼ਰ ਲੋਕਾਂ ਨੂੰ ਊਫਾਨ ‘ਤੇ ਚੱਲ ਰਹੀਆਂ ਨਦੀਆਂ-ਨਾਲਿਆਂ ਅਤੇ ਜ਼ਮੀਨ ਖਿਸਕਣ ਵਾਲੇ ਖੇਤਰਾਂ ਦੇ ਨੇੜੇ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ। ਦਸ ਦਈਏ ਕਿ ਸੂਬੇ ‘ਚ ਹੁਣ ਤੱਕ ਹੋਈ ਭਾਰੀ ਬਾਰਿਸ਼ ਕਾਰਨ ਜਾਨ-ਮਾਲ ਦਾ ਰਿਕਾਰਡ ਤੋੜ ਨੁਕਸਾਨ ਹੋਇਆ ਹੈ। 24 ਜੂਨ ਤੋਂ ਹੁਣ ਤੱਕ ਹੜ੍ਹਾਂ ਅਤੇ ਜ਼ਮੀਨ ਖਿਸਕਣ ਕਾਰਨ ਕਰੀਬ 44 ਲੋਕਾਂ ਦੀ ਜਾਨ ਜਾ ਚੁੱਕੀ ਹੈ। 7 ਤੋਂ 11 ਜੁਲਾਈ ਦਰਮਿਆਨ ਭਾਰੀ ਮੀਂਹ ਦੌਰਾਨ 42 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੁੱਲੂ ਅਤੇ ਮੰਡੀ ਜ਼ਿਲ੍ਹਿਆਂ ਵਿੱਚ ਸਭ ਤੋਂ ਵੱਧ ਤਬਾਹੀ ਹੋਈ ਹੈ। ਸੂਬੇ ਵਿੱਚ 5116 ਕਰੋੜ ਰੁਪਏ ਦੀ ਨਿੱਜੀ ਅਤੇ ਸਰਕਾਰੀ ਜਾਇਦਾਦ ਦਾ ਨੁਕਸਾਨ ਹੋਇਆ ਹੈ।