ਹੁਣ ਤਾਂ ਤੁਹਾਡੀ ਕਮੀਜ਼ ਫਟ ਜਾਣੀ ਹੈ, ਦਾਗ਼ ਦਾ ਸਵਾਲ ਹੀ ਨਹੀਂ ਰਹਿਣਾ। ਇਹ ਬਿਆਨ ਪੰਜਾਬ ਦੇ ਵਿਰੋਧੀ ਧਿਰ ਨੇ ਨੇਤਾ ਪ੍ਰਤਾਪ ਸਿੰਘ ਬਾਜਵਾ ਵਲੋਂ ਪੰਜਾਬ ਦੇ ਸੀ.ਐਮ. ਭਗਵੰਤ ਮਾਨ ਲਈ ਦਿੱਤਾ ਗਿਆ ਹੈ। ਦਰਅਸਲ, ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਦੂਜੇ ਦਿਨ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਵਿਚਾਲੇ ਤਿੱਖੀ ਬਹਿਸ ਸ਼ੁਰੂ ਹੋ ਗਈ।
ਇਸ ਦੌਰਾਨ ਸਦਨ ਵਿਚ ਜਦੋਂ ਭਗਵੰਤ ਮਾਨ ਨੇ ਕਿਹਾ ਕਿ ਮੇਰੀ ਕਮੀਜ ‘ਤੇ ਕੋਈ ਧੱਬੇ ਨਹੀਂ, ਸਿਰਫ਼ ਦਾਗ ਹੀ ਹਨ ਤਾਂ ਪ੍ਰਤਾਪ ਬਾਜਵਾ ਨੇ ਜਵਾਬ ਦਿੰਦਿਆਂ ਭਗਵੰਤ ਮਾਨ ਨੂੰ ਕਿਹਾ ਹੁਣ ਤਾਂ ਤੁਹਾਡੀ ਕਮੀਜ਼ ਫਟ ਜਾਣੀ ਹੈ, ਦਾਗ਼ ਦਾ ਸਵਾਲ ਹੀ ਨਹੀਂ ਰਹਿਣਾ।
ਇਸ ਤੋਂ ਇਲਾਵਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਜਿੰਨ੍ਹਾਂ ਚਿਰ ਵਾਹਗਾ ਬਾਰਡਰ ਨਹੀਂ ਖੁੱਲਦਾ ,ਅੰਤਰਰਾਸ਼ਟਰੀ ਵਪਾਰ ਸ਼ੁਰੂ ਨਹੀਂ ਹੁੰਦਾ ,ਉਨ੍ਹਾਂ ਚਿਰ ਪੰਜਾਬ ਦੇ ਹਾਲਾਤ ਨਹੀਂ ਬਦਲ ਸਕਦੇ। ਉਨ੍ਹਾਂ ਸਰਕਾਰ ਨੂੰ ਮੁਖ਼ਾਤਿਬ ਹੁੰਦਿਆਂ ਕਿਹਾ ਕਿ ਅੱਜ ਸਾਡੇ ਪਿੰਡ ਖ਼ਾਲੀ ਹੋ ਰਹੇ ਹਨ, ਨੌਜਵਾਨ ਪੀੜ੍ਹੀ ਬਾਹਰ ਵੱਲ ਨੂੰ ਤੁਰੀ ਹੋਈ ਹੈ। ਇਸ ਵੱਲ ਖ਼ਾਸ ਧਿਆਨ ਦੇਣ ਦੀ ਲੋੜ ਹੈ। ਪਿੰਡਾਂ ਦੀਆਂ ਪੰਚਾਇਤਾਂ ਕੋਲ ਪਿਛਲੇ ਇਕ ਸਾਲ ਤੋਂ ਕੋਈ ਪੈਸਾ ਨਹੀਂ ਆਇਆ, ਕਿਉਂਕਿ ਮੌਜੂਦਾ ਸਰਕਾਰ ਕੋਲ ਪੈਸਾ ਹੈ ਹੀ ਨਹੀਂ। ਨਾਲ ਹੀ ਉਹਨਾਂ ਕਿਹਾ ਕਿ ਵਿਜੀਲੈਂਸ ਦਫ਼ਤਰ ਦੇ ਬਾਹਰ ਆਮ ਆਦਮੀ ਪਾਰਟੀ ਦਾ ਝੰਡਾ ਲਾ ਲਓ।