ਪੰਜਾਬ ਪੁਲਿਸ ਵਲੋਂ ਪੰਜਾਬ ‘ਚ ਵਿਗੜ ਰਹੇ ਹਾਲਾਤਾਂ ਨੂੰ ਕਾਬੂ ਕਰਨ ਸਖ਼ਤ ਕਦਮ ਚੁੱਕੇ ਜਾ ਰਹੇ ਹਨ। ਇਸੇ ਦਰਮਿਆਨ ਪੰਜਾਬ ਪੁਲਿਸ ਮੈਰਿਜ ਪੈਲੇਸਾਂ ਅਤੇ ਹੋਟਲਾਂ ਦੇ ਨੇੜੇ-ਤੇੜੇ ਦੇ ਖੇਤਰਾਂ ਨੂੰ ‘ਆਰਮਜ਼ ਫ੍ਰੀ ਜ਼ੋਨ’ ਐਲਾਨ ਕਰਵਾਉਣ ’ਚ ਲੱਗੀ ਹੋਈ ਹੈ। ਇਸ ਸਬੰਧੀ ਵੱਖ-ਵੱਖ ਜ਼ਿਲਿਆਂ ’ਚ ਪੁਲਸ ਅਧਿਕਾਰੀਆਂ ਵਲੋਂ ਸਬੰਧਤ ਮੈਰਿਜ ਪੈਲੇਸਾਂ, ਰਿਜ਼ਾਰਟਸ ਅਤੇ ਹੋਟਲਾਂ ਦੇ ਸੰਚਾਲਕਾਂ ਦੇ ਨਾਲ ਬੈਠਕਾਂ ਕੀਤੀਆਂ ਜਾ ਰਹੀਆਂ ਹਨ। ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀ. ਜੀ. ਪੀ. ਗੌਰਵ ਯਾਦਵ ਵਲੋਂ ਵਿਆਹ ਅਤੇ ਹੋਰਨਾਂ ਸਮਾਰੋਹਾਂ ’ਚ ਸ਼ੌਂਕੀਆ ਤੌਰ ’ਤੇ ਫਾਇਰਿੰਗ ਕਰਨ ਦੀਆਂ ਘਟਨਾਵਾਂ ’ਤੇ ਰੋਕ ਲਾਉਣ ਤੋਂ ਬਾਅਦ ਉਕਤ ਕਦਮ ਉਠਾਇਆ ਗਿਆ ਹੈ। ਪੁਲਸ ਅਤੇ ਸੂਬਾ ਸਰਕਾਰ ਦਾ ਮੰਨਣਾ ਹੈ ਕਿ ਅਜਿਹੇ ਸਮਾਰੋਹਾਂ ’ਚ ਲਾਈਸੈਂਸੀ ਹਥਿਆਰ ਰੱਖਣ ਵਾਲੇ ਧਾਰਕਾਂ ਵਲੋਂ ਦਿਖਾਵੇ ਲਈ ਫਾਇਰਿੰਗ ਕੀਤੀ ਜਾਂਦੀ ਹੈ। ਇਸ ਨਾਲ ਨੌਜਵਾਨਾਂ ਦੇ ਅੰਦਰ ਹਿੰਸਾ ਦਾ ਰੁਝਾਨ ਪੈਦਾ ਹੁੰਦਾ ਹੈ। ਪੰਜਾਬ ਪੁਲਸ ਵਲੋਂ ਮੈਰਿਜ ਪੈਲੇਸਾਂ, ਰਿਜ਼ਾਰਟ ਅਤੇ ਹੋਟਲ ਵਾਲਿਆਂ ਨੂੰ ਆਪਣੇ ਨੇੜੇ-ਤੇੜੇ ਦੇ ਖੇਤਰਾਂ ਨੂੰ ਆਰਮਜ਼ ਫ੍ਰੀ ਖੇਤਰ ਐਲਾਨ ਕਰਨ ਲਈ ਲਿਖਿਤ ਤੌਰ ’ਤੇ ਬੋਰਡ ਲਗਾਉਣ ਲਈ ਵੀ ਕਿਹਾ ਗਿਆ ਹੈ। ਇਸ ਨਾਲ ਲੋਕਾਂ ਨੂੰ ਪਤਾ ਲੱਗੇਗਾ ਕਿ ਉਹ ਲਾਈਸੈਂਸ ਹਥਿਆਰ ਵੀ ਆਪਣੇ ਨਾਲ ਵਿਆਹ ਆਦਿ ਸਮਾਰੋਹਾਂ ’ਚ ਲੈ ਨਹੀਂ ਸਕਣਗੇ।
ਪੰਜਾਬ ਸਰਕਾਰ ਨੇ ਪਹਿਲਾਂ ਹੀ ਹਥਿਆਰਾਂ ਲਈ ਨਵੇਂ ਲਾਈਸੈਂਸ ਲੈਣ ਵਾਲੇ ਜਾਂ ਲਾਈਸੈਂਸਾਂ ਨੂੰ ਰਿਨਿਊ ਕਰਵਾਉਣ ਲਈ ਲੋਕਾਂ ਤੋਂ ਹਲਫੀਆ ਬਿਆਨ ਵੀ ਲਏ ਜਾ ਰਹੇ ਹਨ ਕਿ ਉਹ ਆਪਣੇ ਹਥਿਆਰਾਂ ਨੂੰ ਲੈ ਕੇ ਸਰਕਾਰ ਦੇ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨਗੇ ਅਤੇ ਨਾਲ ਹੀ ਵਿਆਹ ਅਤੇ ਹੋਰਨਾਂ ਸਮਾਰੋਹਾਂ ’ਚ ਆਪਣੇ ਲਾਈਸੈਂਸੀ ਹਥਿਆਰਾਂ ਨੂੰ ਨਾਲ ਲੈ ਕੇ ਨਹੀਂ ਜਾਣਗੇ। ਪੰਜਾਬ ਪੁਲਸ ਨੇ ਸੋਸ਼ਲ ਮੀਡੀਆ ’ਤੇ ਵੀ ਹਥਿਆਰਾਂ ਦੇ ਨਾਲ ਤਸਵੀਰਾਂ ਅਪਲੋਡ ਕਰਨ ’ਤੇ ਪੂਰੀ ਤਰ੍ਹਾਂ ਨਾਲ ਰੋਕ ਲਾਈ ਹੋਈ ਹੈ, ਜੋ ਵੀ ਵਿਅਕਤੀ ਹੁਣ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਅਜਿਹੀਆਂ ਪਾਬੰਦੀਸ਼ੁਦਾ ਤਸਵੀਰਾਂ ਨੂੰ ਅਪਲੋਡ ਕਰਦਾ ਹੈ, ਉਸ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਇਸ ਸਬੰਧੀ ਪਿਛਲੇ ਕੁਝ ਸਮੇਂ ਦੌਰਾਨ ਪੁਲਸ ਨੇ ਕਈ ਐੱਫ. ਆਈ. ਆਰ. ਵੀ ਦਰਜ ਕੀਤੀਆਂ ਹੋਈਆਂ ਹਨ। ਪੰਜਾਬ ’ਚ ਗੈਂਗਸਟਰਜ਼ ਅਤੇ ਦੇਸ਼ ਵਿਰੋਧੀ ਅਨਸਰਾਂ ਦੀਆਂ ਕਾਰਵਾਈਆਂ ’ਤੇ ਸਖਤੀ ਨਾਲ ਰੋਕ ਲਾਉਣ ਦੇ ਉਦੇਸ਼ ਨਾਲ ਉਕਤ ਕਦਮ ਉਠਾਏ ਗਏ ਹਨ। ਡੀ. ਜੀ. ਪੀ. ਗੌਰਵ ਯਾਦਵ ਦਾ ਮੰਨਣਾ ਹੈ ਕਿ ਇਸ ਨਾਲ ਲੋਕਾਂ ਦੇ ਅੰਦਰ ਅਨੁਸ਼ਾਸਨ ਪੈਦਾ ਹੋਵੇਗਾ ਅਤੇ ਹਿੰਸਕ ਸੁਭਾਵਾਂ ’ਚ ਕਮੀ ਦੇਖਣ ਨੂੰ ਮਿਲੇਗੀ। ਉਨ੍ਹਾਂ ਕਿਹਾ ਕਿ ਹਥਿਆਰ ਰੱਖਣ ਲਈ ਲਾਈਸੈਂਸ ਸਿਰਫ ਆਤਮ ਰੱਖਿਆ ਲਈ ਮੁਹੱਈਆ ਕਰਵਾਏ ਜਾਂਦੇ ਹਨ ਨਾ ਕਿ ਵਿਆਹ ਆਦਿ ਸਮਾਰੋਹਾਂ ’ਚ ਸ਼ੌਂਕੀਆ ਫਾਇਰਿੰਗ ਕਰਨ ਲਈ।