ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਲਈ ਪੰਜਾਬ ਪੁਲਿਸ ਪੱਬਾ ਭਾਰ ਹੈ ਅਤੇ ਲਗਾਤਾਰ ਉਸ ਦੀ ਗ੍ਰਿਫਤਾਰੀ ਲਈ ਥਾਂ-ਥਾਂ ਛਾਪੇਮਾਰੀ ਕੀਤੀ ਜਾ ਰਹੀ ਹੈ । ਇਸੇ ਦੌਰਾਨ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਫਲੈਗ ਮਾਰਚ ਕੀਤਾ ਜਾ ਰਿਹਾ। ਉਧਰ, ਪੰਜਾਬ ਸਰਕਾਰ ਨੇ ਮਾਹੌਲ ਹੋਰ ਵਿਗੜਣ ਤੋਂ ਰੋਕਣ ਲਈ ਇੰਟਰਨੈਟ ਉਤੇ ਲਗਾਈ ਗਈ ਪਾਬੰਦੀ ਕੱਲ੍ਹ ਯਾਨੀ ਸੋਮਵਾਰ ਦੁਪਹਿਰ 12 ਵਜੇ ਤੱਕ ਵਧਾ ਦਿੱਤੀ ਹੈ। ਇਸ ਤੋਂ ਇਲਾਵਾ ਪੰਜਾਬ ਦੇ ਕਈ ਇਲਾਕਿਆਂ ਵਿਚ ਧਾਰਾ 144 ਵੀ ਲਾਗੂ ਕਰ ਦਿੱਤੀ ਗਈ ਹੈ। ਦਸ ਦਈਏ ਕਿ ਪੁਲਿਸ ਨੇ ਹੁਣ ਅੰਮ੍ਰਿਤਪਾਲ ਨੂੰ ਭਗੌੜਾ ਐਲਾਨ ਦਿੱਤਾ ਗਿਆ ਹੈ। ਉਸ ਦੀ ਗ੍ਰਿਫਤਾਰੀ ਲਈ ਥਾਂ-ਥਾਂ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਗ੍ਰਿਫ਼ਤਾਰ ਕੀਤੇ ਕਾਰਕੁਨਾਂ ਨੂੰ ਹਿਰਾਸਤ ’ਚ ਲੈ ਕੇ ਪੁੱਛ ਪੜਤਾਲ ਕਰ ਰਹੀ ਹੈ।
ਦਸਣਯੋਗ ਹੈ ਕਿ ਪੰਜਾਬ ਵਿਚ ਸ਼ਨੀਵਾਰ ਨੂੰ ਪਹਿਲਾਂ ਐਤਵਾਰ 12 ਵਜੇ ਤੱਕ ਇੰਟਰਨੈੱਟ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ ਪਰ ਪੰਜਾਬ ਦਾ ਜੋ ਮਾਹੌਲ ਇਸ ਵਖ਼ਤ ਬਣਿਆ ਹੋਇਆ ਹੈ ਉਸ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਨੇ ਸਖ਼ਤ ਫ਼ੈਸਲਾ ਲੈਂਦਿਆਂ ਹੋਰ 24 ਘੰਟਿਆਂ ਲਈ ਇੰਟਰਨੈੱਟ ਬੰਦ ਰੱਖਣ ਦਾ ਐਲਾਨ ਕੀਤਾ ਹੈ।